
ਖ਼ਬਰ ਵਾਸ਼ਿੰਗਟਨ ਤੋਂ ਜਿਥੇ ਕਤਰ ਦੇ ਸ਼ਾਹੀ ਪਰਿਵਾਰ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਬੋਇੰਗ 747-8 ਜੈੱਟ ਤੋਹਫੇ ਵਜੋਂ ਦੇਵੇਗਾ। ਬੋਇੰਗ 747-8 ਜਹਾਜ਼ ਦੀ ਕੀਮਤ ਲੱਗਭਗ 400 ਮਿਲੀਅਨ ਡਾਲਰ (ਲੱਗਭਗ 3,300 ਕਰੋੜ ਰੁਪਏ) ਦੇ ਕਰੀਬ ਹੈ। ਇਸ ਜਹਾਜ਼ ਨੂੰ ਅਸਥਾਈ ਤੌਰ ’ਤੇ ਏਅਰਫੋਰਸ ਵਨ ਵਜੋਂ ਵਰਤੇ ਜਾਣ ਦੀ ਸੰਭਾਵਨਾ ਹੈ। 2029 ਵਿਚ ਟਰੰਪ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਇਹ ਜਹਾਜ਼ ਟਰੰਪ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਦਾਨ ਕਰ ਦਿੱਤਾ ਜਾਵੇਗਾ। ਇਸ ਤੋਹਫੇ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ਇਸ ਫੈਸਲੇ ਦੀ ਭਾਰੀ ਆਲੋਚਨਾ ਹੋਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਅਤੇ ਨੈਤਿਕਤਾ ਮਾਹਿਰ ਇਸ ਤੋਹਫੇ ਨੂੰ ਅਮਰੀਕੀ ਸੰਵਿਧਾਨ ਦੀ ਉਲੰਘਣਾ ਦੱਸ ਰਹੇ ਹਨ। ਹਾਲਾਂਕਿ, ਟਰੰਪ ਦੀ ਕਾਨੂੰਨੀ ਟੀਮ ਦਾ ਦਾਅਵਾ ਹੈ ਕਿ ਇਹ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਇਹ ਜਹਾਜ਼ ਸਿੱਧੇ ਟਰੰਪ ਨੂੰ ਨਹੀਂ, ਸਗੋਂ ਅਮਰੀਕੀ ਸਰਕਾਰ ਅਤੇ ਟਰੰਪ ਲਾਇਬ੍ਰੇਰੀ ਫਾਊਂਡੇਸ਼ਨ ਨੂੰ ਤੋਹਫ਼ੇ ਵਜੋਂ ਦਿੱਤਾ ਜਾਣਾ ਹੈ। ਕਤਰ ਸਰਕਾਰ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਰਿਹਾ ਬੋਇੰਗ 747-8 ਜਹਾਜ਼ ਦੁਨੀਆ ਦਾ ਸਭ ਤੋਂ ਲੰਬਾ ਯਾਤਰੀ ਜਹਾਜ਼ ਹੈ।