Spread the love

ਖ਼ਬਰ ਮੋਹਾਲੀ ਤੋਂ ਜਿਥੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲ ਦੇ ਘਰ ’ਤੇ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਪੁਲਸ ਦੇ ਦੱਸਣ ਮੁਤਾਬਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦੇਰ ਸ਼ਾਮ ਸੈਕਟਰ-71 ਸਥਿਤ ਪਿੰਕੀ ਧਾਲੀਵਾਲ ਦੇ ਘਰ ’ਤੇ ਗੋਲ਼ੀਆਂ ਚਲਾਈਆਂ। ਇਹ ਇਲਾਕਾ ਥਾਣਾ ਮਟੌਰ ਅਧੀਨ ਪੈਂਦਾ ਹੈ ਅਤੇ ਇਸ ਇਲਾਕੇ ’ਚ ਹੋਰ ਵੀ ਕਈ ਗਾਇਕ ਅਤੇ ਵੱਡੇ ਰਾਜਨੀਤਕ ਆਗੂ ਰਹਿੰਦੇ ਹਨ।

ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਤੇ ਡੀ. ਐੱਸ. ਪੀ. ਸਿਟੀ 1 ਪ੍ਰਿਥਵੀ ਸਿੰਘ ਚਾਹਲ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਕੀ ਧਾਲੀਵਾਲ ਦੇ ਘਰ ਦੇ ਗੇਟ ਅਤੇ ਕੰਧਾਂ ’ਤੇ ਗੋਲ਼ੀਆਂ ਦੇ ਨਿਸ਼ਾਨ ਸਨ। ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਪੁਲਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਪਿੰਕੀ ਧਾਲੀਵਾਲ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦੋਂ ਗਾਇਕਾ ਸੁਨੰਦਾ ਸ਼ਰਮਾ ਨੇ ਉਨ੍ਹਾਂ ’ਤੇ ਘਟੀਆ ਵਰਤਾਓ ਕਰਨ ਦਾ ਦੋਸ਼ ਲਾਇਆ ਸੀ।