29 ਮਈ, 2022 ਦੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਇਸ ਘਟਨਾਕ੍ਰਮ ਨੂੰ ਗੈਂਗਵਾਰ ਨਾਲ ਜੋੜਦਿਆਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਨਾਮ ਸੁਰਖ਼ੀਆਂ ‘ਚ ਆਉਂਦਾ ਹੈ। ਉਹਨਾਂ ਦੋਵਾਂ ਵੱਲੋਂ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ।
32 ਸਾਲਾ ਲਾਰੈਂਸ ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲੇ ਦਰਜ ਹਨ। ਲਾਰੈਂਸ ਬਿਸ਼ਨੋਈ ਨੂੰ 10 ਮਾਰਚ ਨੂੰ ਰਾਜਸਥਾਨ ਤੋਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਲਿਆਂਦਾ ਗਿਆ ਸੀ। ਲਾਰੈਂਸ ਇਸ ਸਮੇਂ ਪੰਜਾਬ ਦੇ ਬਠਿੰਡਾ ਸਥਿੱਤ ਜੇਲ੍ਹ ਵਿੱਚ ਹੈ। ਇੱਕ ਨਿੱਜੀ ਟੀਵੀ ਚੈਨਲ (ABP) ਵੱਲੋਂ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਚਲਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਮਰਹੂਮ ਦੇ ਪਰਿਵਾਰ ਵੱਲੋਂ ਮਾਨਸਾ ਵਿਖੇ 19 ਮਾਰਚ ਨੂੰ ਬਰਸੀ ਸਮਾਗਮ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਜੇਲ੍ਹ ਅੰਦਰੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਆਉਣਾ ਕਈ ਸਵਾਲ ਖੜੇ ਕਰਦਾ ਹੈ।
ਨਿੱਜੀ ਟੀਵੀ ਚੈਨਲ ਦਾ ਕੀ ਹੈ ਦਾਅਵਾ?
ਚੈਨਲ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਜੇਲ੍ਹ ‘ਚੋਂ ਖ਼ੁਦ ਚੈਨਲ ਨਾਲ ਸੰਪਰਕ ਕੀਤਾ ਸੀ। (ਇੰਡੋਜ਼ ਟੀਵੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।) 20 ਮਿੰਟਾਂ ਤੋਂ ਵੱਧ ਚਲੀ ਇਸ ਆਨਲਾਇਨ ਇੰਟਰਵਿਊ ਨੂੰ ਕਿਸੇ ਐਪ ਜ਼ਰੀਏ ਲਿਆ ਗਿਆ ਹੈ। ਹੁਣ ਸਵਾਲ ਇਹ ਵੀ ਬਣਦਾ ਹੈ ਕਿ ਕੀ ਕੋਈ ਕੈਦੀ ਇੰਨਾ ਸੌਖਿਆਂ ਕਿਸੇ ਪੱਤਰਕਾਰ ਨਾਲ ਸੰਪਰਕ ਕਰ ਸਕਦਾ ਹੈ? ਗੱਲਬਾਤ ਦੌਰਾਨ ਕੋਈ ਵੀ ਪੁਲਿਸ ਅਧਿਕਾਰੀ ਉੱਥੇ ਕਿਉਂ ਨਹੀਂ ਆਇਆ?
ਪੰਜਾਬ ਪੁਲਿਸ ਦਾ ਕੀ ਹੈ ਕਹਿਣਾ?
ਪੰਜਾਬ ਪੁਲਿਸ ਨੇ ਆਪਣੇ ਬਿਆਨ ‘ਚ ਇਸਨੂੰ ‘ਅਧਾਰਹੀਨ’ ਦੱਸਿਆ ਅਤੇ ਦਾਅਵਾ ਕੀਤਾ ਗਿਆ ਇਹ ਬਠਿੰਡਾ ਜੇਲ੍ਹ ਜਾਂ ਪੰਜਾਬ ਦੀ ਕਿਸੇ ਵੀ ਜ਼ੇਲ੍ਹ ਤੋ ਨਹੀਂ ਹੈ।
ਜੇ ਕੋਈ ਵੀ ਫ਼ੇਕ ਨਿਊਜ਼ ਜ਼ਰੀਏ ਪੰਜਾਬ ਜੇਲ੍ਹ ਪ੍ਰਸ਼ਾਸਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐੱਨ.ਡੀ.ਨੇਗੀ ਅਨੁਸਾਰ, ”ਸਾਡੇ ਕੋਲ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਮਲਟੀ ਲੇਅਰ ਸੁਰੱਖਿਆ ਪ੍ਰਣਾਲੀ ਹੈ। ਖ਼ਤਰਨਾਕ ਪਿਛੋਕੜ ਵਾਲੇ ਕੈਦੀਆਂ ਦੀ ਨਿਗਰਾਨੀ ਕੇਂਦਰੀ ਬਲਾਂ, ਜੇਲ੍ਹਾਂ ਦੇ ਮੁਲਾਜ਼ਮ ਅਤੇ ਪੰਜਾਬ ਪੁਲਿਸ ਦੇ ਕਮਾਂਡੋਜ਼ ਕਰਦੇ ਹਨ।” ਉਨ੍ਹਾਂ ਹੋਰ ਕਿਹਾ ਕਿ ਜੇਲ੍ਹ ਵਿੱਚ ਜੈਮਰ ਲਗਾਏ ਗਏ ਹਨ, ਇਸ ਲਈ ਇੱਥੇ ਇੰਨੀ ਲੰਬੀ ਇੰਟਰਵਿਊ ਰਿਕਾਰਡ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਇੱਥੇ ਕੋਈ ਵੀ ਮੋਬਾਈਲ ਨੈੱਟਵਰਕ ਕੰਮ ਨਹੀਂ ਕਰਦਾ ਭਾਵੇਂ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਅਤੇ ਇਹ ਕੁਝ ਸਮੇਂ ਵਿੱਚ ਡਿਸਕਨੈਕਟ ਹੋ ਜਾਵੇਗੀ। ਅਸੀਂ ਹਰ ਸੰਭਵ ਤਰੀਕਿਆਂ ਰਾਹੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 24 ਘੰਟੇ ਨਿਗਰਾਨੀ ਕਰਦੇ ਹਾਂ।
ਲਾਰੈਂਸ ਦੀ ਇੰਟਰਵਿਊ ਦੇ ਕੀ ਹਨ ਮਾਅਨੇ?
ਵਿਰੋਧੀ ਪਾਰਟੀ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੇ ਮੁੱਦੇ ਉੱਤੇ ਲਗਾਤਾਰ ਆਮ ਆਮਦੀ ਪਾਰਟੀ ਨੂੰ ਘੇਰਦੀ ਆ ਰਹੀ ਹੈ। ਇਸ ਮਸਲੇ ਉੱਤੇ ਕਾਂਗਰਸ ਆਗੂ ਪ੍ਰਤਾਪ ਬਾਜਾਵ ਵੱਲੋਂ ਵਿਧਾਨ ਸਭਾ ਵਿੱਚ ਵੀ ਸਵਾਲ ਕੀਤੇ ਗਏ ਹਨ। ਸਿੱਧੂ ਦੇ ਮਾਤਾ ਪਿਤਾ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਵਿਧਾਨ ਸਭਾ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਪਹਿਲਾ ਬਰਸੀ ਸਮਾਗਮ 19 ਮਾਰਚ ਨੂੰ ਮਾਨਸਾ ਵਿੱਚ ਮਨਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਬਿਸ਼ਨੋਈ ਦੀ ਇੰਟਰਵਿਊ ਦਾ ਲੀਕ ਹੋਣਾ ਜੇਲ੍ਹ ਪ੍ਰਬੰਧਾਂ ਅਤੇ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕਰਨ ਦੇ ਨਾਲ ਨਾਲ ਇਸ ਮੁੱਦੇ ਨੂੰ ਸਿਆਸੀ ਵੀ ਬਣਾਉਂਦਾ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਪੰਜਾਬ ਦੇ ਸਿਆਸੀ ਹਲਕਿਆਂ ਲਈ ਗੰਭੀਰ ਚਿੰਤਨ ਦਾ ਵਿਸ਼ਾ ਬਣ ਗਿਆ ਹੈ।
ਇਸ ਪੂਰੀ ਇੰਟਰਵਿਊ ਵਿੱਚ ਮੋਟੇ ਤੌਰ ਉੱਤੇ ਤਿੰਨ ਨੁਕਤੇ ਉੱਭਰ ਕੇ ਸਾਹਮਣੇ ਆਏ ਹਨ।
1. ਲਾਰੈਂਸ ਆਪਣੇ ਆਪ ਨੂੰ ਖ਼ਾਲਿਸਤਾਨ ਵਿਰੋਧੀ ਕਹਿੰਦਾ ਹੈ।
2. ਲਾਰੈਂਸ ਆਪਣੇ ਆਪ ਨੂੰ ਰਾਸ਼ਟਰਵਾਦੀ ਬਿਆਨਦਾ ਹੈ।
3. ਉਹ ਆਪਣੇ ਆਪ ਨੂੰ ਪਾਕਿਸਤਾਨ ਗਤੀਵਿਧੀਆਂ ਦੇ ਵਿਰੋਧ ਦੱਸਿਆ।
ਲਾਰੈਂਸ ਅਨੁਸਾਰ ਉਸਦਾ ਗੈਂਗ ਗੋਲਡੀ ਬਰਾੜ ਚਲਾ ਰਿਹਾ ਹੈ ਅਤੇ ਉਹ ਖ਼ਾਲਿਸਤਾਨ ਤੇ ਪਾਕਿਸਤਾਨ ਵਿਰੋਧੀ ਹਨ। ਇਹ ਸਿਧਾਂਤ ਕਿਸ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹੈ? ਦੇਖਣਾ ਬਣਦਾ ਹੈ। ਬਿਸ਼ਨੋਈ ਇਸ ਇੰਟਰਵਿਊ ਵਿੱਚ ਆਪਣੇ ਆਪ ਨੂੰ ਦੇਸ਼ ਭਗਤ ਦੱਸਦਾ ਨਜ਼ਰ ਆਉਂਦਾ ਹੈ। ਉਨ੍ਹਾਂ ਸਲਮਾਨ ਖ਼ਾਨ ਵੱਲੋਂ ਹਿਰਨ ਦੇ ਸ਼ਿਕਾਰ ਕਾਰਨ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ ਬਾਬਤ ਮੁਆਫ਼ੀ ਮੰਗਣ ਲਈ ਕਿਹਾ ਹੈ। ਲਾਰੈਂਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸਾਡੇ ਬਜ਼ੁਰਗਾਂ ਸਮਾਨ ਹਨ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਧਮਕੀਆਂ ਦਾ ਉਸਦੇ ਗਰੁੱਪ ਨਾਲ ਕੋਈ ਸੰਬੰਧ ਨਹੀਂ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਹਵਾਲੇ ਨਾਲ ਦੇਖੀਏ ਤਾਂ ਹੁਣ ਤੱਕ ਪੰਜਾਬ ਵਿੱਚ ਸਰਹੱਦ ਪਾਰ ਤੋਂ ਜੋ ਡਰੋਨ ਤੇ ਨਸ਼ੇ ਆ ਰਹੇ ਹਨ ਉਨ੍ਹਾਂ ਬਾਰੇ ਪੰਜਾਬ ਪੁਲਿਸ ਇਹ ਕਹਿੰਦੀ ਰਹੀ ਹੈ ਕਿ ਇਹ ਕੱਟੜਵਾਦੀ, ਤਸਕਰਾਂ ਅਤੇ ਗੈਂਗਸਟਰਾਂ ਦਾ ਗੱਠਜੋੜ ਕਰਵਾ ਰਿਹਾ ਹੈ।
ਧਾਲੀਵਾਲ ਕਹਿੰਦੇ ਹਨ ਮੈਂ ਸਮਝਦਾਂ ਹਾਂ ਕਿ ਜਿਸ ਸਮੇਂ ਅਤੇ ਜਿਸ ਤਰੀਕੇ ਨਾਲ ਇਹ ਇੰਟਰਵਿਊ ਕਰਵਾਈ ਗਈ ਹੈ ਉਸ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਲਈ ਵੱਡਾ ਸੰਕਟ ਖੜਾ ਕਰ ਦਿੱਤਾ ਹੈ। ਇਸ ਜ਼ਰੀਏ ਵਿਰੋਧੀ ਪਾਰਟੀਆਂ ਨੂੰ ਹਮਲਾਵਰ ਹੋਣ ਦਾ ਮੌਕਾ ਮਿਲਿਆ ਹੈ।
ਲਾਰੈਂਸ ਬਿਸ਼ਨੋਈ ਕੌਣ ਹੈ?
ਪੰਜਾਬ ਪੁਲਿਸ ਅਨੁਸਾਰ ਉਹ ‘ਏ’ ਸ਼੍ਰੇਣੀ ਦਾ ਗੈਂਗਸਟਰ ਹੈ ਅਤੇ ਕੁੱਝ ਗੁੱਪਤ ਦਸਤਾਵੇਜ਼ਾਂ ਦੇ ਹਵਾਲੇ ਤੋਂ ਪਤਾ ਚੱਲਦਾ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਦੇ ਅਬੋਹਰ ਨਾਲ ਸਬੰਧਤ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ LL.B (ਲਾਅ) ਗਰੈਜੂਏਟ ਹੈ। ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਚੰਡੀਗੜ੍ਹ ਦੇ ਸੈਕਟਰ 11 ਵਿੱਚ ਕਥਿਤ ਤੌਰ ਦੇ ਗੋਲੀ ਚਲਾਈ ਸੀ। ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ ਸੀ। ਲਾਰੈਂਸ ਬਿਸ਼ਨੋਈ ਜੇਲ੍ਹਾਂ ‘ਚੋਂ ਵਪਾਰੀਆਂ ਨੂੰ ਜਬਰੀ ਕਾਲਾਂ ਨਾਲ ਧਮਕੀਆਂ ਆਪਣਾ ਧੰਦਾ ਚਲਾਉਂਦਾ ਹੈ। ਉਹ ਉਨ੍ਹਾਂ ਗੈਂਗਸਟਰਾਂ ‘ਚੋਂ ਹੈ, ਜੋ ਸੋਸ਼ਲ ਮੀਡੀਆ ‘ਤੇ ਸਰਗਰਮ ਹਨ। ਉਹ ਆਪਣੇ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਜੋ ਜਬਰਨ ਵਸੂਲੀ, ਕੰਟਰੈਕਟ ਕਿਲਿੰਗ ਤੇ ਹੋਰ ਅਪਰਾਧਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੰਦਾ ਹੈ।