ਲੇਖਕ ਗੁਰਜਿੰਦਰ ਸੰਧੂ ਦਾ ਸਨਮਾਨ ਅਤੇ ਨਾਵਲ ‘ਦੀਵੇ ਦੀ ਲੋਅ’ ਲੋਕ ਅਰਪਣ : ਇੰਡੋਜ਼ ਟੀਵੀ

Spread the love

ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰੇ ਲਈ ਕਾਰਜਸ਼ੀਲ ਅਦਾਰਾ ਇੰਡੋਜ਼ ਟੀਵੀ ਦੇ ਬ੍ਰਿਸਬੇਨ ਸਟੂਡੀਓ ਵਿਖੇ ਲੇਖਕ ਗੁਰਜਿੰਦਰ ਸੰਧੂ ਦਾ ਸਨਮਾਨ ਅਤੇ ਨਾਵਲ ‘ਦੀਵੇ ਦੀ ਲੋਅ’ ਦਾ ਲੋਕ ਅਰਪਣ ਕੀਤਾ ਗਿਆ। ਇਸ ਸੰਖੇਪ ਬੈਠਕ ‘ਚ ਲੇਖਕ ਗੁਰਜਿੰਦਰ ਸੰਧੂ ਨੇ ਆਪਣੇ ਲੇਖਣੀ ਪਿਛੋਕੜ ਦੇ ਤਜ਼ਰਬਿਆਂ ਨੂੰ ਵਿਸਥਾਰ ‘ਚ ਸਾਂਝਾ ਕੀਤਾ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਬ੍ਰਹਮ ਦੀ ਉਪਜ ਦੱਸਿਆ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਸੱਤਾ ਪੱਧਰ ਤੱਕ ਸਥਾਪਤ ਕਰਨ ਦੀ ਪ੍ਰੋੜ੍ਹਤਾ ਵੀ ਕੀਤੀ। ਉਨ੍ਹਾਂ ਭਾਸ਼ਾ ਤੋਂ ਪਹਿਲਾਂ ਉਸਦੀ ਨਸਲ ਨੂੰ ਬਚਾਉਣ ‘ਤੇ ਜ਼ੋਰ ਦਿੱਤਾ ਅਤੇ ਹਰ ਭਾਸ਼ਾ ਪ੍ਰੇਮੀ ਨੂੰ ਆਪਣੀ ਮਾਤ ਭਾਸ਼ਾ ‘ਤੇ ਮਾਣ ਕਰਨ ਲਈ ਪ੍ਰੇਰਿਆ ਅਤੇ ਆਪਣੇ ਹਥਲੇ ਨਾਵਲ ਨੂੰ ਮਨੁੱਖੀ ਚੇਤਨਾ ਦੀ ਤਾਕਤ ਨਾਲ ਸਮਾਜਿਕ ਤਬਦੀਲੀਆਂ ਦਾ ਸ਼ੀਸ਼ਾ ਦੱਸਿਆ।

ਉੱਘੇ ਸਮਾਜ ਸੇਵੀ ਅਤੇ ਟੀਵੀ ਕਲਾਕਾਰ ਸ. ਇਕਬਾਲ ਸਿੰਘ ਧਾਮੀ ਨੇ ਚੰਗੀ ਮਨੁੱਖੀ ਸੰਗਤ ਦੀ ਮਹਾਨਤਾ ਨੂੰ ਸਮਾਜਿਕ ਵਰਦਾਨ ਦੱਸਿਆ। ਉਹਨਾਂ ਅਨੁਸਾਰ ਅੱਜ ਵੀ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ ਦੇ ਪਸਾਰੇ ਲਈ ਅਸੀਂ ਹਰ ਪੰਜਾਬੀ ਦੇ ਬੂਹੇ ਤੱਕ ਨਹੀਂ ਅੱਪੜ ਸਕੇ ਹਾਂ। ਕਮਿਊਨਿਟੀ ਰੇਡੀਓ 4EB ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਨੇ ਪੰਜਾਬੀ ਬੋਲੀ ਦੀ ਹੋਂਦ, ਬਦਲਾਅ, ਪੈਂਤੀ, ਭਾਸ਼ਾਈ ਖ਼ਤਰੇ ਅਤੇ ਕਿਸੇ ਵੀ ਦੇਸ ਨੂੰ ਕੌਮੀ ਭਾਸ਼ਾ ਦੀ ਲੋੜ ਹੈ ਜਾਂ ਨਹੀਂ ਆਦਿ ਚਰਚਿੱਤ ਵਿਸ਼ਿਆਂ ਨਾਲ ਸਾਂਝ ਪਾਈ। ਲੇਖਕ ਸਭਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਮੂਹ ਪੰਜਾਬੀ ਲਿਖਾਰੀਆਂ ਨੂੰ ਮੌਜੂਦਾ ਸਮੇਂ ਦੀਆਂ ਪ੍ਰਸਥਿੱਤੀਆਂ ਬਾਬਤ ਸੱਚੇ ਕਲਮਤਰਾਸ਼ ਬਣਨ ਲਈ ਪ੍ਰੇਰਿਆ।

ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਰਛਪਾਲ ਸਿੰਘ ਹੇਅਰ, ਵੇਦ ਭੂਸ਼ਣ, ਸਤਪਾਲ ਸਿੰਘ ਕੂਨਰ ਅਤੇ ਮਾਝਾ ਯੂਥ ਕਲੱਬ ਤੋਂ ਸਰਵਣ ਸਿੰਘ ਤੇ ਬਲਰਾਜ ਸਿੰਘ ਕਰਮੀਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।

Leave a Comment

Your email address will not be published. Required fields are marked *

Translate »