ਅਮਰੀਕਾ ਵਿਚ ‘ਕਨੈਕਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ’ ਨੇ ਸਮਾਜਿਕ ਵਿਗਿਆਨ ਦੇ ਆਪਣੇ ਨਵੇਂ ਸਿਲੇਬਸ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਪਹਿਲਕਦਮੀ ਕਨੈਕਟੀਕਟ ਦੇ 5,14,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਦੇਵੇਗੀ। ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਆਪਣੇ ਧਰਮ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਮੰਗ ਕਰ ਰਿਹਾ ਸੀ।
ਸਿੱਖ ਧਰਮ ਬਾਰੇ ਸਹੀ ਜਾਣਕਾਰੀ ਨੂੰ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ‘ਸਿੱਖ ਕੋਲੀਸ਼ਨ’ ਨਾਲ ਹੱਥ ਮਿਲਾਉਣ ਵਾਲਾ ਕਨੈਕਟੀਕਟ ਅਮਰੀਕਾ ਦਾ 18ਵਾਂ ਸੂਬਾ ਬਣ ਗਿਆ ਹੈ। ਜੂਨ ਵਿਚ ਵਾਸ਼ਿੰਗਟਨ ਨੇ ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਸੀ। ਇਸ ਨਾਲ ਸੂਬੇ ਦੇ 2.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਵਧੇਰੇ ਸਮਾਵੇਸ਼ੀ ਅਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਨੂੰ ਹੁਲਾਰਾ ਮਿਲਿਆ।
ਇਸ ਦੇ ਨਾਲ ਹੀ ‘ਸਿੱਖ ਕੁਲੀਸ਼ਨ’ ਨੇ ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਕਨੈਕਟੀਕਟ ਵਿਚ ਨਵੇਂ ਪਾਠਕ੍ਰਮ ਨੂੰ ਅਪਣਾਉਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।