ਪਿਛੋਕੜ
ਅਮਰ ਸਿੰਘ ਚਮਕੀਲਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਡੁੱਗਰੀ ਵਿੱਚ 1960ਵਿਆਂ ਵਿੱਚ ਹੋਇਆ ਸੀ। ਅਮਰ ਸਿੰਘ ਚਮਕੀਲਾ ਦਾ ਅਸਲ ਨਾਂ ਧਨੀ ਰਾਮ ਸੀ। ਆਰਥਿਕ ਹਾਲਤ ਪਤਲੀ ਹੋਣ ਕਾਰਨ ਪਰਿਵਾਰਕ ਜ਼ਿੰਮੇਵਾਰੀਆਂ ਦੀ ਪੰਡ ਨੌਜਵਾਨ ਧਨੀ ਰਾਮ ਦੇ ਸਿਰ ਉੱਤੇ ਛੇਤੀ ਹੀ ਪੈ ਗਈ। ਉਨ੍ਹਾਂ ਨੇ ਲੁਧਿਆਣਾ ਦੀ ਹੌਜ਼ਰੀ ਫੈਕਟਰੀ ਵਿੱਚ ਕੰਮ ਲੱਭ ਲਿਆ ਤੇ ਉੱਥੋਂ ਰੋਜ਼ੀ-ਰੋਟੀ ਕਮਾਉਣ ਲੱਗੇ। ਪਰਿਵਾਰ ਵਾਲਿਆਂ ਮੁਤਾਬਕ ਅਮਰ ਸਿੰਘ ਚਮਕੀਲਾ ਨੂੰ ਗੀਤ ਲਿਖਣ ਦਾ ਕਾਫੀ ਸ਼ੌਕ ਸੀ ਪਰ ਇਸ ਸ਼ੌਕ ਨੂੰ ਸ਼ਾਇਦ ਕਿਸੇ ਮੌਕੇ ਦਾ ਇੰਤਜ਼ਾਰ ਸੀ।
ਜਦੋਂ ਕਹਿਰ ਵਾਪਰਿਆ
ਮੰਗਲਵਾਰ 8 ਮਾਰਚ 1988, ਪਿੰਡ ਮਹਿਸਮਪੁਰ (ਜਲੰਧਰ) ‘ਚ ਕਿਸੇ NRI ਦੇ ਘਰ ਵਿਆਹ ‘ਤੇ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਖਾੜਾ। ਮੈਂ ਵਿਆਹ ਵਿੱਚ ਆਇਆਂ ਦੀ ਰੋਟੀ-ਪਾਣੀ ਨਾਲ ਸੇਵਾ ਕਰਨ ‘ਚ ਲੱਗਿਆ ਹੋਇਆ ਸੀ। ਦੁਪਹਿਰ ਡੇਢ ਵਜੇ ਦਾ ਵਕਤ, ਅਮਰ ਸਿੰਘ ਚਮਕੀਲਾ ਬੈਠੇ ਹੋਏ ਸਨ ਤੇ ਮੈਂ ਉਨ੍ਹਾਂ ਲਈ ਲੰਗਰ ਲੈ ਕੇ ਆਉਂਦਾ ਹਾਂ। ਚਮਕੀਲੇ ਨੇ ਕਿਹਾ ਕਿ ਦਾਲ ਤਾਂ ਠੰਢੀ ਹੈ। ਮੈਂ, ਲੰਗਰ ਲੈ ਕੇ ਵਾਪਸ ਮੁੜਨ ਲੱਗਾ ਤਾਂ ਚਮਕੀਲਾ ਨੇ ਪਿੱਛੋਂ ਜੱਫ਼ੀ ਪਾ ਲਈ। ਕਹਿੰਦਾ ਸਰਦਾਰਾ ਗੁੱਸੇ ਨਾ ਹੋ ਮੈਂ ਤਾਂ ਮਜ਼ਾਕ ਕਰਦਾ ਸੀ। ਚਮਕੀਲੇ ਨੇ ਉਸ ਵੇਲੇ ਆਪਣੇ ਸਾਥੀ ਕਲਾਕਾਰਾਂ ਨਾਲ ਲੰਗਰ ਦਾ ਪ੍ਰਸ਼ਾਦਾ ਛਕਿਆ।
ਉਹ ਗੱਡੀ ਵਿੱਚ ਬਹਿ ਕੇ ਅਖਾੜੇ ਵਾਲੀ ਥਾਂ ਵੱਲ ਤੁਰ ਪਏ। ਅਜੇ ਗੱਡੀ ਕੁਝ ਦੂਰ ਹੀ ਗਈ ਸੀ ਕਿ ਅਚਾਨਕ ਗੋਲੀਆਂ ਦੀ ਅਵਾਜ਼ ਆਈ। ਅਸੀਂ ਉੱਥੇ ਪਹੁੰਚੇ ਤਾਂ ਕਹਿਰ ਵਾਪਰ ਚੁੱਕਿਆ ਸੀ। ਅਮਰ ਸਿੰਘ ਚਮਕੀਲਾ, ਅਮਨਜੋਤ ਕੌਰ, ਬਲਦੇਵ ਸਿੰਘ ਢੋਲਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। – ਜੋਗਿੰਦਰ ਪਾਲ ਸਿੰਘ (ਪਿੰਡ ਦਾ ਵਸਨੀਕ)
ਧਾਰਨਾਵਾਂ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੇ ਕਤਲ ਨਾਲ ਜੁੜੇ ਕਈ ਦਾਅਵੇ ਅਤੇ ਕਈ ਕਹਾਣੀਆਂ ਹਨ।
ਕਤਲ ਕਰਨ ਵਾਲੇ ਕੌਣ ਸਨ ਤੇ ਕਤਲ ਕਰਨ ਦੀ ਵਜ੍ਹਾ ਕੀ ਸੀ ਇਸ ਬਾਰੇ ਅੱਜ ਵੀ ਪਤਾ ਨਹੀਂ ਲੱਗਾ ਹੈ।
ਅੱਜ ਵੀ ਪੰਜਾਬ ਵਿੱਚ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ।
ਉਹ ਵੱਖ ਗੱਲ ਹੈ ਕਿ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ‘ਅਸ਼ਲੀਲ’ ਕਰਾਰ ਦੇ ਕੇ ਉਨ੍ਹਾਂ ਦੀ ਆਲੋਚਨਾ ਕਰਦਾ ਹੈ। ਇਸ ਆਲੋਚਨਾ ਦੇ ਜਵਾਬ ਵਿੱਚ ਅਮਰ ਸਿੰਘ ਚਮਕੀਲਾ ਦੇ ਫੈਨ ਉਨ੍ਹਾਂ ਵੱਲੋਂ ਗਾਏ ਧਾਰਮਿਕ ਗੀਤ, ‘ਸਰਹੰਦ ਦੀ ਦੀਵਾਰ’, ਅਤੇ ‘ਬਾਬਾ ਤੇਰਾ ਨਨਕਾਣਾ’ ਗਿਣਵਾਉਂਦੇ ਹਨ।
ਕਿਵੇਂ ਧਨੀ ਰਾਮ ਬਣਿਆ ‘ਚਮਕੀਲਾ’?
ਡੁੱਗਰੀ ਦੇ ਧਨੀ ਰਾਮ ਨੂੰ ਚਮਕੀਲਾ ਬਣਾਉਣ ਵਾਲੇ ਗਾਇਕ ਸੁਰਿੰਦਰ ਛਿੰਦਾ ਸਨ। ਉਹ ਇਸ ਬਾਰੇ ਕਿੱਸਾ ਦੱਸਦੇ ਹੋਏ ਕਹਿੰਦੇ ਹਨ ਕਿ ਚੰਡੀਗੜ੍ਹ ਦੇ ਬੁੜੈਲ ਵਿੱਚ ਰਾਮਲੀਲਾ ਮੌਕੇ ਸਾਡੀ ਬੁਕਿੰਗ ਸੀ। ਉੱਥੇ ਚਮਕੀਲਾ ਸਾਡੇ ਨਾਲ ਹੈਲਪਰ ਵਜੋਂ ਸੀ। ਚਮਕੀਲੇ ਨੇ ਸਾਡੀ ਬੜੀ ਸੇਵਾ ਕੀਤੀ ਅਤੇ ਸੇਵਾ ਤੋਂ ਖੁਸ਼ ਹੋ ਕੇ ਮੈਂ ਤੇ ਮੇਰੇ ਸਾਥੀਆਂ ਨੇ ਉਸ ਦਾ ਨਾਂ ਉੱਥੇ ਰੱਖਿਆ, ‘ਅਮਰ ਸਿੰਘ ਚਮਕੀਲਾ’। ਸਾਨੂੰ ਯਕੀਨ ਸੀ ਕਿ ਇਹ ਮੁੰਡਾ ਕੁਝ ਕਰੇਗਾ।
ਪਹਿਲਾ ਗੀਤ
ਸੁਰਿੰਦਰ ਛਿੰਦਾ ਦੱਸਦੇ ਹਨ ਕਿ ਇੱਕ ਵਾਰ ਉਹ ਰਾਜਸਥਾਨ ਵੱਲ ਜਾ ਰਹੇ ਸਨ ਤਾਂ ਸਾਥੀਆਂ ਨੇ ਕਿਹਾ ਕਿ ਚਮਕੀਲੇ ਦਾ ਗਾਣਾ ਸੁਣ ਲਓ ਤਾਂ ਚਮਕੀਲੇ ਨੇ ਗੀਤ ਸੁਣਾਇਆ, ‘ਮੈਂ ਡਿੱਗੀ ਤਿਲਕ ਕੇ’।ਛਿੰਦਾ ਕਹਿੰਦੇ ਹਨ, “ਇਹ ਗੀਤ ਮੈਨੂੰ ਕਾਫੀ ਹੌਟ ਲਗਿਆ ਤਾਂ ਚਮਕੀਲਾ ਨੇ ਕਿਹਾ ਕਿ ਤੁਸੀਂ ਇਹ ਗੀਤ ਗਾਓ, ਵੇਖਣਾ ਇਸ ਨੇ ਧਮਾਲਾਂ ਪਾ ਦੇਣੀਆਂ ਹਨ।”
“ਮੈਂ ਇਹ ਗੀਤ ਗਾਇਆ ਤੇ ਚਮਕੀਲੇ ਦਾ ਲਿਖਿਆ ਪਹਿਲਾ ਹੀ ਗੀਤ ਸੁਪਰ ਹਿੱਟ ਹੋ ਗਿਆ।” ਸੁਰਿੰਦਰ ਛਿੰਦਾ ਕਹਿੰਦੇ ਹਨ ਕਿ ਮੈਂ ਇਸ ਮਗਰੋਂ ਚਮਕੀਲੇ ਦੇ ਲਿਖੇ ਕਈ ਗੀਤ ਗਾਏ।
ਉਨ੍ਹਾਂ ਨੇ ਜਦੋਂ ਚਮਕੀਲੇ ਨੂੰ ਗਾਉਂਦੇ ਸੁਣਿਆ ਤਾਂ ਉਨ੍ਹਾਂ ਨੂੰ ਰਿਆਜ਼ ਦੀ ਕਮੀ ਲੱਗੀ। ਫਿਰ ਉਨ੍ਹਾਂ ਨੇ ਖੁਦ ਅਮਰ ਸਿੰਘ ਚਮਕੀਲਾ ਨੂੰ ਹਾਰਮੋਨੀਅਮ ਸਿਖਾਇਆ, ਸਰਗਮਾਂ ਸਿਖਾਈਆਂ ਸਨ।
ਕਿੱਸਾ
ਇੱਕ ਵਾਰ ਸੁਰਿੰਦਰ ਛਿੰਦਾ ਸਾਲ 1977-78 ਵਿੱਚ ਕੈਨੇਡਾ ਗਏ ਹੋਏ ਸੀ। ਭਾਰਤ ਵਿੱਚ ਉਨ੍ਹਾਂ ਦੀ ਐੱਚਐੱਮਵੀ ਕੰਪਨੀ ਲਈ ਰਿਕਾਰਡਿੰਗ ਸੀ, ਜਿਸ ਦੀ ਕੰਪਨੀ ਨੇ ਪੂਰੀ ਤਿਆਰੀ ਕਰ ਲਈ ਸੀ।
ਸੁਰਿੰਦਰ ਛਿੰਦਾ ਦੱਸਦੇ ਹਨ ਕਿ ਕੈਨੇਡਾ ਤੋਂ ਉਨ੍ਹਾਂ ਦਾ ਆਉਣਾ ਸੰਭਵ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਕਾਹਲੀ ਸੀ। ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨੇ ਹੀ ਲਿਖੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਮੌਕਾ ਦਿਓ। “ਕੰਪਨੀ ਨੇ ਚਮਕੀਲੇ ਨੂੰ ਗਾਉਂਦੇ ਹੋਏ ਸੁਣਿਆ ਤੇ ਉਨ੍ਹਾਂ ਨੂੰ ਪਸੰਦ ਆਇਆ ਤੇ ਇੰਝ ਚਮਕੀਲੇ ਦੀ ਪਹਿਲੀ ਕੈਸਟ ਰਿਕਾਰਡ ਹੋਈ।”
ਅਮਰਜੋਤ ਨਾਲ ਜੋੜੀ ਹੋਈ ਹਿੱਟ
ਅਮਰ ਸਿੰਘ ਚਮਕੀਲਾ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਨ੍ਹਾਂ ਦੀ ਜੋੜੀ ਕਾਫੀ ਹਿੱਟ ਹੋਈ। “ਚਮਕੀਲਾ ਤੇ ਅਮਰਜੋਤ ਦੀ ਜੋੜੀ ਨੇ ਚਾਰੇ ਪਾਸੇ ਧਮਾਲਾਂ ਹੀ ਪਾ ਛੱਡੀਆਂ।” ਛਿੰਦਾ ਕਹਿੰਦੇ ਹਨ, “ਮੈਨੂੰ ਅੱਜ ਵੀ ਯਾਦ ਕਿ ਜਦੋਂ ਜੋੜੀ ਕਾਫੀ ਹਿੱਟ ਹੋਈ ਗਈ ਤਾਂ ਚਮਕੀਲੇ ਨੇ ਮੇਰੇ ਕੋਲ ਇੱਕ ਲੱਡੂਆਂ ਦਾ ਡੱਬਾ, ਸ਼ਰਾਬ ਦੀ ਬੋਤਲ ਲੈ ਕੇ ਆਇਆ ਅਤੇ ਪੰਜ ਸੌ ਰੁਪਏ ਦਾ ਮੱਥਾ ਵੀ ਟੇਕਿਆ। ਚਮਕੀਲੇ ਨੇ ਮੈਨੂੰ ਕਿਹਾ ਗੁਰੂ ਜੀ ਮੈਨੂੰ ਖੁਸ਼ੀ ਹੈ ਕਿ ਮੈਂ ਵੀ ਹਿੱਟ ਹਾਂ ਅਤੇ ਮੇਰੇ ਗੁਰੂ ਵੀ ਹਿੱਟ ਹਨ।” ਚਮਕੀਲਾ ਅਤੇ ਅਮਰਜੋਤ ਨੇ ਕਈ ਹਿੱਟ ਗਾਣੇ ਦਿੱਤੇ। ਇਨ੍ਹਾਂ ਵਿੱਚ ‘ਪਹਿਲੇ ਲਲਕਾਰੇ ਨਾਲ’,’ਟਕੁਏ ਤੇ ਟਕੁਆ’ ਅੱਜ ਵੀ ਗਣਗੁਣਾਏ ਜਾਂਦੇ ਹਨ।
ਚਮਕੀਲਾ ਆਪਣੇ ਗੀਤਾਂ ਦੇ ਕਿੱਲੇ ਗੱਡ ਕੇ, ਥੰਮ ਗੱਡ ਕੇ ਇਸ ਜਹਾਨ ਤੋਂ ਚਲਾ ਗਿਆ।

Amar Singh Chamkila (21 July 1960 – 8 March 1988)