ਅੰਮ੍ਰਿਤਸਰ ਮੈਡੀਕਲ ਕਾਲਜ : ਡਾਕਟਰ ਪੰਪੋਸ਼ ਵੱਲੋਂ ਫਾਹਾ ਲੈਕੇ ਕੀਤੀ ਕਥਿਤ ਖੁਦਕੁਸ਼ੀ।

Spread the love

ਪਰਿਵਾਰ ਨੇ ਜਾਤ ਅਧਾਰਿਤ ਵਿਤਕਰੇ ਦੇ ਲਾਏ ਇਲਜ਼ਾਮ।

“ਮੈਨੂੰ ਲੱਗਦਾ ਮੇਰੀ ਬੇਟੀ ਪੰਪੋਸ਼ ਨੂੰ ਮਰਨ ਵਾਸਤੇ ਮਜਬੂਰ ਕੀਤਾ ਗਿਆ ਹੈ।” – ਲੜਕੀ ਦੀ ਮਾਂ

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀ ਇੱਕ ਇੰਟਰਨ ਡਾਕਟਰ ਵੱਲੋਂ ਕਥਿਤ ਤੌਰ ’ਤੇ ਜਾਤ ਅਧਾਰਿਤ ਵਿਤਕਰੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਪੁਲਿਸ ਨੇ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਜਲੰਧਰ ਦੇ ਰਾਮਾ ਮੰਡੀ ਦੀ ਵਸਨੀਕ ਮ੍ਰਿਤਕ ਡਾਕਟਰ ਪੰਪੋਸ਼ ਨੇ ਸਾਲ 2017 ਵਿੱਚ ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ‘ਚ ਦਾਖਲਾ ਲਿਆ ਸੀ ਤੇ ਹੁਣ ਉੱਥੇ ਉਹ ਇੰਟਰਨ ਡਾਕਟਰ ਸਨ।

ਪੁਲਿਸ ਨੇ 10 ਲੋਕਾਂ ਖ਼ਿਲਾਫ਼ 306 (ਮਰਨ ਲਈ ਮਜਬੂਰ ਕਰਨ ) ਅਤੇ ਐੱਸਸੀ/ ਐੱਸਟੀ ਐਕਟ 1989 ਤਹਿਤ ਮਾਮਲਾ ਦਰਜ ਕੀਤਾ ਹੈ ਜਿੰਨ੍ਹਾਂ ਵਿੱਚ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਸ਼ਾਮਿਲ ਹਨ।

ਲੜਕੀ ਦੀ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਮੇਰੀ ਬੇਟੀ ਬਹੁਤ ਪ੍ਰਰੇਸ਼ਾਨ ਰਹਿੰਦੀ ਸੀ। ਉਹ ਸਮੇਂ-ਸਮੇਂ ਆਪਣੀਆਂ ਪ੍ਰੇਸ਼ਾਨੀਆਂ ਬਾਰੇ ਮੈਨੂੰ ਅਤੇ ਮੇਰੇ ਪਿਤਾ ਨੂੰ ਫੋਨ ਰਾਹੀਂ ਜਾਂ ਘਰ ਵਿੱਚ ਮਿਲ ਕੇ ਦੱਸਦੀ ਰਹਿੰਦੀ ਸੀ। ਉਹ ਪਿਛਲੇ ਦੋ ਦਿਨਾਂ ਤੋਂ ਫੋਨ ਨਹੀਂ ਚੁੱਕ ਰਹੀ ਸੀ। ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਸੀ।

FIR ਅਨੁਸਾਰ, “ਮੈਂ ਆਪਣੀ ਬੇਟੀ ਦੇ ਹੋਸਟਲ ਦੇ ਕਮਰੇ ਵਿੱਚ ਪਹੁੰਚੀ ਅਤੇ ਦਰਵਾਜਾ ਖੜਕਾਇਆ। ਦਰਵਾਜਾ ਨਾ ਖੁੱਲਣ ’ਤੇ ਜਦੋਂ ਮੈਂ ਧੱਕੇ ਨਾਲ ਬੂਹਾ ਖੋਲਿਆ ਤਾਂ ਵੇਖਿਆ ਕਿ ਮੇਰੀ ਬੇਟੀ ਪੱਖੇ ਨਾਲ ਲਟਕੀ ਹੋਈ ਸੀ। ਮੈਂ ਇਹ ਦੇਖਦਿਆਂ ਹੀ ਰੋਂਦੇ ਹੋਏ ਰੋਲਾ ਪਾਇਆ ਤਾਂ ਹੋਸਟਲ ਦੇ ਸੁਪਰੀਟੈਡੇਟ ਚੌਧਰੀ ਅਤੇ ਉਸ ਦੇ ਸਾਖੀਆਂ ਨੇ ਮੇਰੀ ਬੇਟੀ ਦਾ ਲਾਸ਼ ਪੱਖੇ ਤੋਂ ਉਤਾਰੀ ਅਤੇ ਪੁਲਿਸ ਨੂੰ ਵੀ ਕੋਈ ਇਤਲਾਹ ਨਹੀਂ ਦਿੱਤੀ।”
“ਮੈਨੂੰ ਲੱਗਦਾ ਹੈ ਕਿ, ਕਿ ਮੇਰੀ ਬੇਟੀ ਪੰਪੋਸ਼ ਨੂੰ ਮਰਨ ਵਾਸਤੇ ਮਜਬੂਰ ਕੀਤਾ ਹੈ।”

ਉਹਨਾਂ ਹੋਰ ਕਿਹਾ ਕਿ ਮੁਲਜ਼ਮ ਉਸ ਦੀ ਧੀ ਬਾਰੇ ਜਾਤੀ ਸੂਚਕ ਸ਼ਬਦ ਵਰਤਦੇ ਸਨ ਅਤੇ ਕਹਿੰਦੇ ਸਨ ਕਿ ‘ਅਸੀਂ ਤੈਨੂੰ ਡਾਕਟਰ ਨਹੀਂ ਬਣਨ ਦੇਣਾ’। ਉਨ੍ਹਾਂ ਅਨੁਸਾਰ ਅਸੀਂ ਕਈ ਵਾਰ ਕਾਲਜ ਦੇ ਪ੍ਰਿੰਸੀਪਲ ਅਤੇ ਡੀਨ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਸਨ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ।

ਕਾਲਜ ਦੇ ਪ੍ਰਿੰਸੀਪਲ ਨੇ ਕੀ ਕਿਹਾ ?

ਡਾਕਟਰ ਮਨਜੀਤ ਸਿੰਘ ਉਪਲ ਨੇ ਕਿਹਾ ਕਿ, “ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਜੇ ਕੁਝ ਵੀ ਬੋਲਣ ਦੀ ਮਨਾਹੀ ਹੈ ਪਰ ਜਾਂਚ ਚੱਲ ਰਹੀ ਹੈ ਅਤੇ ਸੱਚ ਬਾਹਰ ਆ ਜਾਵੇਗਾ।”

ਦੱਸਣਯੋਗ ਹੈ ਕਿ ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ।

Leave a Comment

Your email address will not be published. Required fields are marked *

Translate »