ਸੰਦੀਪ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੂੰ 1992 ਵਿੱਚ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਿਆ ਸੀ। ਉਹ ਮੁੜ ਕਦੇ ਵੀ ਘਰ ਨਹੀਂ ਪਰਤੇ। ਝੂਠੇ ਪੁਲਿਸ ਮਕਾਬਲੇ ਵਿੱਚ ਆਪਣੇ ਪਿਤਾ ਨੂੰ ਗੁਆਉਣ ਵਾਲੇ ਤਰਨ ਤਾਰਨ ਦੇ ਇਨ੍ਹਾਂ ਮੁੰਡਿਆਂ ਦਾ ਇਨਸਾਫ਼ ਲਈ 31 ਸਾਲ ਲੰਬਾ ਸੰਘਰਸ਼ ਅਜਿਹਾ ਕਿ ਉਨ੍ਹਾਂ ਦੀ ਅੱਧੀ ਉਮਰ ਹੀ ਲੰਘ ਗਈ।
“ਕਰੀਬ ਤਿੰਨ ਦਹਾਕਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਪਿਤਾ ਦੇ ਕਤਲਾਂ ਨੂੰ ਤਿੰਨ ਅਤੇ ਪੰਜ ਸਾਲ ਦੀ ਸਜ਼ਾ ਹੋਈ ਹੈ ਇਹ ਇਨਸਾਫ਼ ਨਹੀਂ ਹੈ, ਇਸ ਨਾਲ ਤਾਂ ਸਾਡੇ ਪੁਰਾਣੇ ਜ਼ਖਮ ਫਿਰ ਤੋਂ ਹਰੇ ਹੋ ਗਏ ਹਨ।” – ਸੰਦੀਪ ਸਿੰਘ (ਵਾਸੀ ਤਰਨਤਾਰਨ ਦੇ ਪਿੰਡ ਕੋਟਲਾ ਸਰੂਖਾ)
ਮੁਹਾਲੀ ਦੀ CBI ਅਦਾਲਤ ਨੇ ਹੁਣ ਕੁਲਦੀਪ ਸਿੰਘ ਨੂੰ ਲਾਪਤਾ ਕਰਨ ਅਤੇ ਫਿਰ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਇਲਜ਼ਾਮਾਂ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਹੈ। ਮਾਣਯੋਗ ਕੋਰਟ ਨੇ SHO ਸੂਬਾ ਸਿੰਘ ਨੂੰ ਤਿੰਨ ਸਾਲ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਅਤੇ ASI ਝਿਲਮਿਲ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਲਗਾਇਆ ਹੈ। ਇਸ ਮਾਮਲੇ ਵਿੱਚ ਇਕ ਹੋਰ ਦੋਸ਼ੀ SHO ਗੁਰਦੇਵ ਸਿੰਘ ਦੀ ਮੌਤ ਇਸ ਕੇਸ ਦੀ ਸੁਣਾਵਾਈ ਦੌਰਾਨ ਹੀ ਹੋ ਗਈ ਸੀ।
ਕੌਣ ਸੀ ਕੁਲਦੀਪ ਸਿੰਘ?
ਕੁਲਦੀਪ ਸਿੰਘ ਤਰਨਤਾਰਨ ਦੇ ਪਿੰਡ ਕੋਟਲਾ ਸਰੂਖਾ ਦਾ ਰਹਿਣ ਵਾਲੇ ਸਨ। ਜ਼ਿੰਮੀਦਾਰ ਪਰਿਵਾਰ ਨਾਲ ਸਬੰਧਿਤ ਕੁਲਦੀਪ ਸਿੰਘ ਸਹਿਕਾਰੀ ਬੈਂਕ ਵਿੱਚ ਉਸ ਵੇਲੇ ਕਲਰਕ ਸਨ। ਉਨ੍ਹਾਂ ਦੇ ਵਕੀਲ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ 1992 ਦੀ ਹੈ। ਕੁਲਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਆਪਣੀ ਬਦਲੀ ਕਰਵਾਉਣ ਬਾਬਤ ਤਰਨਤਾਰਨ ਤੋਂ ਅੰਮ੍ਰਿਤਸਰ ਗਏ ਸਨ ਪਰ ਲਾਰੈਂਸ ਰੋਡ ਉੱਤੇ ਸਬੰਧਿਤ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਪਰਿਵਾਰ ਦੀਆਂ ਤਮਾਮ ਕੋਸ਼ਿਸ਼ ਬਾਅਦ ਵੀ ਕੁਲਦੀਪ ਸਿੰਘ ਦੀ ਕੋਈ ਖ਼ਬਰ ਨਹੀਂ ਮਿਲੀ। ਇਸ ਦੌਰਾਨ ਪੁਲਿਸ ਨੇ ਕੁਲਦੀਪ ਸਿੰਘ ਦੇ ਦੋਸਤ ਨੂੰ ਤਾਂ ਰਿਹਾਅ ਕਰ ਦਿੱਤਾ ਪਰ ਕੁਲਦੀਪ ਦੀ ਜਾਣਕਾਰੀ ਨਹੀਂ ਦਿੱਤੀ ਸੀ। ਪਰਿਵਾਰ ਵੱਲੋਂ ਆਖ਼ਰਕਾਰ 1999 ਵਿੱਚ ਪੰਜਾਬ ਪੁਲਿਸ ਕੋਲ ਕੁਲਦੀਪ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਗਈ। ਸਾਲ 2001 ਵਿੱਚ ਇਹ ਕੇਸ CBI ਕੋਲ ਚਲਾ ਗਿਆ। ਤਕਰੀਬਨ 31 ਸਾਲ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਕੁਲਦੀਪ ਸਿੰਘ ਨੂੰ ਲਾਪਤਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਹੋਇਆ ਹੈ। ਕੁਲਦੀਪ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਪਿਤਾ ਜੀ ਨੂੰ ਪੁਲਿਸ ਨੇ ਚੁੱਕਿਆ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 8 ਸਾਲ ਦੀ ਸੀ। ਸੰਦੀਪ ਸਿੰਘ ਇਸ ਸਮੇਂ ਪਿਤਾ ਦੀ ਥਾਂ ਬੈਂਕ ਵਿੱਚ ਨੌਕਰੀ ਕਰਦੇ ਹਨ।
ਉਨ੍ਹਾਂ ਅਨੁਸਾਰ ਕੇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਧਮਕੀਆਂ, ਕੇਸ ਵਾਪਸ ਲੈਣ ਅਤੇ ਪੈਸੇ ਦਾ ਲਾਲਚ ਵੀ ਦਿੱਤਾ ਗਿਆ। ਅਸੀਂ ਵੀ ਪਿਓ ਦਾ ਬਦਲਾ ਲੈਣ ਦੀ ਰਾਹ ਉੱਤੇ ਨਿਕਲ ਸਕਦੇ ਸੀ ਪਰ ਅਸੀਂ ਅਦਾਲਤ ਉੱਤੇ ਭਰੋਸਾ ਰੱਖਿਆ।
“ਲੰਬੀ ਕਾਨੂੰਨੀ ਲੜਾਈ ਬਾਅਦ ਦੋਸ਼ੀਆਂ ਨੂੰ ਸਜ਼ਾ ਤਾਂ ਮਿਲੀ ਹੈ ਪਰ ਅਸੀਂ ਇਸ ਫੈਂਸਲੇ ਤੋਂ ਖੁਸ਼ ਨਹੀਂ ਹਾਂ।”