
ਨੈਸ਼ਨਲ ਡੈਸਕ- ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ਤੋਂ ਏਅਰ ਇੰਡੀਆ ਦਾ ਇਕ ਜਹਾਜ਼, ਜੋ ਕਿ ਲੰਡਨ ਜਾਣ ਲਈ ਰਵਾਨਾ ਹੋਇਆ ਸੀ, ਟੇਕ ਆਫ਼ ਤੋਂ ਕੁਝ ਦੇਰ ਬਾਅਦ ਹੀ ਉਹ ਕ੍ਰੈਸ਼ ਹੋ ਗਿਆ। ਇਸ ਜਹਾਜ਼ ਨੂੰ ਜ਼ਮੀਨ ‘ਤੇ ਡਿੱਗਦੇ ਹੀ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ‘ਚ ਕੁੱਲ 242 ਲੋਕ ਸਵਾਰ ਸਨ।
ਇਸ ਦਰਦਨਾਕ ਹਾਦਸੇ ਮਗਰੋਂ ਗੁਜਰਾਤ ਦੇ ਸਰਦਾਰ ਵੱਲਭ ਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਅਰਪੋਰਟ ਤੋਂ ਉਡਾਣਾਂ ਨੂੰ ਅਗਲੇ ਆਦੇਸ਼ਾਂ ਤੱਕ ਰੋਕ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨਾਲ ਵਾਪਰਿਆ ਹੈ, ਜਿਸ ‘ਚ 230 ਯਾਤਰੀ ਤੇ 12 ਕ੍ਰੂ ਮੈਂਬਰਾਂ ਸਣੇ ਕੁੱਲ 242 ਲੋਕ ਸਵਾਰ ਸਨ। ਇਹ ਜਹਾਜ਼ ਏਅਰਪੋਰਟ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਮੇਘਾਨੀਨਗਰ ਕੋਲ ਕ੍ਰੈਸ਼ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।