ਪੁਲਿਸ ਨੇ ਐਤਵਾਰ ਰਾਤ ਨੂੰ ਹੋਏ ਪੁਲਿਸ ਮੁਲਾਜ਼ਮ ਦੇ ਕਤਲ ਕੇਸ ਦੇ ਮੁਲਜ਼ਮ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦੋਸ਼ੀ ਦੀ ਲੱਤ ‘ਚ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਪੁਲੀਸ ਨੇ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਲਈ ਬਰਨਾਲਾ ਪੁਲਿਸ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰੇਗੀ। ਦੱਸ ਦਈਏ ਕਿ ਬਰਨਾਲਾ ਸ਼ਹਿਰ ਵਿਚ ਐਤਵਾਰ ਦੇਰ ਰਾਤ ਪੁਲਿਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸ਼ਹਿਰ ਦੇ 25 ਏਕੜ ਏਰੀਏ ਦੀ ਹੈ, ਜਿਥੇ ਰੈਸਟੋਰੈਂਟ ਵਿੱਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਦੇ ਵਰਕਰਾਂ ਵਿੱਚ ਝਗੜਾ ਹੋ ਗਿਆ। ਇਸ ਤੋਂ ਬਾਅਦ ਸਿਟੀ ਵਨ ਦੀ ਪੁਲਿਸ ਮੌਕੇ ’ਤੇ ਪੁੱਜੀ ਤਾਂ ਰੈਸਟੋਰੈਂਟ ‘ਚ ਕਥਿਤ ਲੜਾਈ ਕਰਨ ਵਾਲੇ ਕਬੱਡੀ ਖਿਡਾਰੀਆਂ ਨੂੰ ਕਾਰ ‘ਚ ਬੈਠਣ ਲਈ ਕਿਹਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ। ਮੁਲਜ਼ਮਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।