ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਚੱਲ ਦੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਹੁੰਦੇ ਹੋਏ ਕਾਮਾਖਿਆ (ਆਸਾਮ) ਜਾਣ ਵਾਲੀ ਨੌਰਥ ਈਸਟ ਸੁਪਰਫਾਸਟ ਰੇਲਗੱਡੀ ਬੁੱਧਵਾਰ ਰਾਤ ਨੂੰ ਬਿਹਾਰ ਦੇ ਬਕਸਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ।
ਟਰੇਨ ਦੇ 21 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 4 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 70 ਤੋਂ 80 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਭਾਰਤੀ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ ‘ਤੇ ਕਾਲ ਕਰਕੇ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਨਾਰਥ ਈਸਟ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰੇਲਵੇ ਬੋਰਡ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ।