ਸੰਵਰਧਿਨੀ ਨਿਆਸ ਨੇ ਗਰਭਵਤੀ ਔਰਤਾਂ ਦੇ ਲਈ ‘ਗਰਭ ਸੰਸਕਾਰ’ ਮੁਹਿੰਮ ਦਾ ਆਗਾਜ਼ ਕੀਤਾ ਹੈ। ਰਾਸ਼ਟਰ ਸੇਵਿਕਾ ਸਮਿਤੀ, ਰਾਸ਼ਟਰੀ ਸਵੈਮ ਸੇਵਕ, ਆਰਐੱਸਐੱਸ ਦੀ ਔਰਤਾਂ ਨਾਲ ਜੁੜੀ ਸੰਸਥਾ ਹੈ।
ਇਹ ਗਰਭਵਤੀ ਔਰਤਾਂ ਲਈ ਗਰਭ ਸੰਸਕਾਰ ਨਾਮ ਦੀ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਗਾਇਨੀਕੋਲੋਜਿਸਟਸ, ਆਯੁਰਵੇਦ ਦੇ ਡਾਕਟਰਾਂ ਅਤੇ ਯੋਗਾ ਟ੍ਰੇਨਰਾਂ ਰਾਹੀਂ ਨਿਆਸ ਇੱਕ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ। ਇਸ ਪ੍ਰੋਗਰਾਮ ‘ਚ ਗੀਤਾ ਅਤੇ ਰਾਮਾਇਣ ਦਾ ਪਾਠ ਪੜ੍ਹਣਾ ਅਤੇ ਗਰਭ ਦੌਰਾਨ ਯੋਗ ਕਰਨਾ ਆਦਿ ਸ਼ਾਮਲ ਹੈ। ਉਸ ਦਾ ਉਦੇਸ਼ ਕੁੱਖ ’ਚ ਪਲ ਰਹੇ ਬੱਚੇ ’ਚ ਸੰਸਕਾਰ, ਕਦਰਾਂ ਕੀਮਤਾਂ ਦਾ ਨਿਰਵਾਹ ਕਰਨਾ ਹੈ। ਉਨ੍ਹਾਂ ਅਨੁਸਾਰ ਰਾਜਧਾਨੀ ਦਿੱਲੀ ਸਥਿਤ ਜਵਾਹਰ ਲਾਲ ਯੂਨੀਵਰਸਿਟੀ ’ਚ ਰਾਸ਼ਟਰ ਸੇਵਿਕਾ ਸਮਿਤੀ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ 12 ਸੂਬਿਆਂ ਦੀਆਂ 80 ਗਾਇਨੀਕੋਲੋਜਿਸਟਾਂ ਨੇ ਸ਼ਮੂਲੀਅਤ ਕੀਤੀ ਸੀ। ਇਹ ਪ੍ਰੋਗਰਾਮ ਗਰਭਵਤੀ ਔਰਤ ਅਤੇ ਬੱਚੇ ਦੀ ਦੋ ਸਾਲ ਉਮਰ ਹੋਣ ਤੱਕ ਜਾਰੀ ਰਹੇਗਾ ਅਤੇ ਇਸ ਪ੍ਰੋਗਰਾਮ ’ਚ ਗੀਤਾ ਦੇ ਸਲੋਕ, ਰਾਮਾਇਣ ਦੀ ਚੌਪਈ ਦਾ ਪਾਠ ਹੋਵੇਗਾ। ਗਰਭ ’ਚ ਪਲ ਰਿਹਾ ਬੱਚਾ 500 ਸ਼ਬਦ ਤੱਕ ਸਿੱਖ ਸਕਦਾ ਹੈ।”
ਪਰ ਕੀ ਗਰਭ ’ਚ ਪਲ ਰਿਹਾ ਬੱਚਾ ਸੱਚਮੁੱਚ ਸ਼ਬਦਾਂ ਜਾਂ ਕਿਸੇ ਭਾਸ਼ਾ ਨੂੰ ਸਮਝ ਸਕਦਾ ਹੈ? ਆਓ ਜਾਣੀਏ।
ਵਿਗਿਆਨਿਕ ਦੀ ਮੰਨੀਏ ਤਾਂ ਗਰਭ ’ਚ ਪਲ ਰਿਹਾ ਬੱਚਾ ਆਵਾਜ਼ ਤਾਂ ਸੁਣ ਸਕਦਾ ਹੈ ਪਰ ਉਹ ਕਿਸੇ ਵੀ ਭਾਸ਼ਾ ਨੂੰ ਸਮਝਣ ’ਚ ਅਸਮਰਥ ਹੁੰਦਾ ਹੈ। ਜਿਵੇਂ-ਜਿਵੇਂ ਕੁੱਖ ’ਚ ਪਲ ਰਹੇ ਬੱਚੇ ਦੇ ਸਰੀਰ ਦਾ ਵਿਕਾਸ ਹੁੰਦਾ ਹੈ, ਉਸ ਦੇ ਕੰਨ ਵੀ ਵਿਕਸਤ ਹੁੰਦੇ ਹਨ। ਅਜਿਹੀ ਸਥਿਤੀ ’ਚ ਧੁਨੀ ਤਰੰਗ ਵੀ ਉਸ ਤੱਕ ਪਹੁੰਚਦੀ ਹੈ। ਪਰ ਉਨ੍ਹਾਂ ਧੁਨੀਆਂ ਦਾ ਕੀ ਮਤਲਬ ਹੈ, ਉਸ ਦਾ ਬੱਚੇ ਨੂੰ ਕੁਝ ਗਿਆਨ ਨਹੀਂ ਹੁੰਦਾ ਹੈ। ਅਜਿਹੀ ਸਥਿਤੀ ’ਚ ਜੇਕਰ ਮਾਂ ਸੰਸਕ੍ਰਿਤ ਜਾਂ ਕੋਈ ਵੀ ਸਲੋਕ ਪੜ੍ਹ ਰਹੀ ਹੈ ਤਾਂ ਉਹ ਬੱਚੇ ਨੂੰ ਕਿਵੇਂ ਸਮਝ ਆਉਣਗੇ? ਵੱਡਾ ਸਵਾਲ ਹੈ।
ਕੁੱਝ ਇਸਤਰੀ ਰੋਗ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਕੁੱਖ ’ਚ ਪਲ ਰਿਹਾ ਭਰੂਣ ਸੁਪਨੇ ਵੇਖ ਸਕਦਾ ਹੈ ਅਤੇ ਉਹ ਮਹਿਸੂਸ ਵੀ ਕਰ ਸਕਦਾ ਹੈ। ਉਹ ਅਮਰੀਕੀ ਵੈੱਬਸਾਈਟ ਸਾਈਕੋਲੋਜੀ ਟੂਡੇ ’ਤੇ ਪ੍ਰਕਾਸ਼ਿਤ ਭਰੂਣ ਸਾਈਕੋਲੋਜੀ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, “ਇਸ ’ਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਭਰੂਣ ਦੇ 9 ਹਫ਼ਤੇ ਹੋਣ ਤੱਕ ਉਹ ਹਿਚਕੀ ਲੈ ਸਕਦਾ ਹੈ ਅਤੇ ਤੇਜ਼ ਆਵਾਜ਼ ’ਤੇ ਪ੍ਰਤੀਕਿਰਿਆ ਵੀ ਦਿੰਦਾ ਹੈ। 13ਵੇਂ ਹਫ਼ਤੇ ’ਚ ਭਰੂਣ ਸੁਣ ਵੀ ਸਕਦਾ ਹੈ ਅਤੇ ਮਾਂ ਅਤੇ ਕਿਸੇ ਅਣਜਾਣ ਦੀ ਆਵਾਜ਼ ’ਚ ਫਰਕ ਸਮਝਣ ਦੇ ਯੋਗ ਵੀ ਹੋ ਜਾਂਦਾ ਹੈ।”
ਕੁੱਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਹੁ-ਗਿਣਤੀ ਭਾਰਤੀ ਧਾਰਮਿਕ ਅੰਧਵਿਸ਼ਵਾਸਾਂ ਨਾਲ ਭਰੇ ਪਏ ਹਨ। ਕੁੱਝ ਸਿਆਸਤ ਤੋਂ ਪ੍ਰੇਰਿਤ ਲੋਕ ਅਜਿਹੀਆਂ ਗੱਲਾਂ ਕਰਕੇ ਸਿਰਫ਼ ਆਪਣਾ ਸਿਆਸੀ ਅਤੇ ਸੱਭਿਆਚਾਰਕ ਕੱਦ ਹੀ ਵਧਾਉਂਦੇ ਹਨ। ਇਸ ਲਈ ਇਹ ਸਾਰਾ ਪ੍ਰੋਗਰਾਮ ਹਿੰਦੂ ਭਾਵਨਾਵਾਂ ਨੂੰ ਉਭਾਰਨ ਦੇ ਲਈ ਤਿਆਰ ਕੀਤਾ ਹੈ, ਜਿਸ ਦਾ ਕੋਈ ਤਰਕਸੰਗਤ ਆਧਾਰ ਨਹੀਂ ਹੁੰਦਾ ਹੈ।
ਇਸ ਤੋਂ ਪਹਿਲਾਂ ਵੀ ਅਰੋਗਿਆ ਭਾਰਤੀ (ਆਰਐੱਸਐੱਸ ਦੀ ਸਿਹਤ ਸ਼ਾਖਾ) ਵੱਲੋਂ ਗਰਭ ਵਿਗਿਆਨ ਸੰਸਕਾਰ ਨੂੰ ਸ਼ੁਰੂ ਕਰਨ ਦੀਆਂ ਖ਼ਬਰਾਂ ਆਈਆਂ ਸਨ। ਇਸ ਨੂੰ ਗੁਜਰਾਤ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਸਾਲ 2015 ’ਚ ਇਸ ਨੂੰ ਰਾਸ਼ਟਰੀ ਪੱਧਰ ’ਤੇ ਪਹੁੰਚਾਇਆ ਗਿਆ ਸੀ। ਹੁਣ ਆਰਐੱਸਐੱਸ ਫਿਰ ਤੋਂ ਇਹ ਪੁਰਾਣਾ ਪ੍ਰੋਗਰਾਮ ਵਿਦਿਆ ਭਾਰਤੀ ਸ਼ਾਖਾ ਦੇ ਸਹਿਯੋਗ ਨਾਲ ਦੂਜੇ ਸੂਬਿਆਂ ’ਚ ਉਲੀਕ ਰਹੀ ਹੈ।