
ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਵੀ ਸਾਰਾ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਲਈ ਮੋਹਲੇਧਾਰ ਮੀਂਹ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਪਹਾੜੀ ਰਾਜ ਵਿਚ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 20 ਲੋਕਾਂ ਦੀ ਜਾਨ ਚਲੀ ਗਈ ਹੈ। ਪੂਰੇ ਪੰਜਾਬ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਅੱਜ ਸ਼ਾਮ ਤੋਂ ਮੌਸਮ ਇਕਦਮ ਵਿਗੜ ਸਕਦਾ ਹੈ। ਦੇਰ ਰਾਤ ਤੱਕ ਭਾਰੀ ਮੀਂਹ ਪਵੇਗਾ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ, ‘‘ਮੌਨਸੂਨ 29 ਜੂਨ 2025 ਨੂੰ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਬਾਕੀ ਹਿੱਸਿਆਂ ਅਤੇ ਪੂਰੀ ਦਿੱਲੀ ਵਿੱਚ ਪਹੁੰਚ ਗਿਆ।’’ ਵਿਭਾਗ ਅਨੁਸਾਰ 24 ਘੰਟਿਆਂ ਵਿੱਚ ਚੰਡੀਗੜ੍ਹ ਵਿੱਚ 119.5 ਮਿਲੀਮੀਟਰ ਮੀਂਹ (Heavy rain alert) ਪਿਆ। ਪੰਜਾਬ ਦੇ ਹੋਰ ਸਥਾਨਾਂ ਵਿੱਚ ਫਿਰੋਜ਼ਪੁਰ, ਮੁਹਾਲੀ, ਲੁਧਿਆਣਾ, ਪਟਿਆਲਾ, ਪਠਾਨਕੋਟ ਅਤੇ ਰੂਪਨਗਰ ਵਿੱਚ ਮੀਂਹ ਪਿਆ। ਆਈਐਮਡੀ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਦੌਰਾਨ ਉੱਤਰ-ਪੱਛਮ, ਮੱਧ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਨਸੂਨ ਨੇ ਸ਼ਿਮਲਾ ਤੋਂ ਮਨਾਲੀ ਤੱਕ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲਗਾਤਾਰ ਮੀਂਹ ਕਾਰਨ ਪਹਾੜਾਂ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਸ਼ਿਮਲਾ ਅਤੇ ਮਨਾਲੀ ਵਿੱਚ ਭਾਰੀ ਮੀਂਹ ਅਤੇ ਅਚਾਨਕ ਹੜ੍ਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦੋਵਾਂ ਸ਼ਹਿਰਾਂ ਦੇ ਕਈ ਇਲਾਕਿਆਂ ਵਿੱਚ ਨਦੀਆਂ ਅਤੇ ਨਾਲਿਆਂ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਿਮਲਾ ਦੇ ਸਿਕਾਸੇਰੀ ਪਿੰਡ ਵਿੱਚ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਇੱਕ ਘਰ ਅਤੇ ਇੱਕ ਗਊਸ਼ਾਲਾ ਵਹਿ ਗਈ, ਕਈ ਪਸ਼ੂਆਂ ਦੀ ਮੌਤ ਹੋ ਗਈ ਅਤੇ ਖੇਤਾਂ ਅਤੇ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਰਾਜਧਾਨੀ ਸ਼ਿਮਲਾ ਦੇ ਭੱਟਾਕੁਫਰ ਵਿੱਚ ਮੀਂਹ ਕਾਰਨ ਇੱਕ ਪੰਜ ਮੰਜ਼ਿਲਾ ਘਰ ਵੀ ਢਹਿ ਗਿਆ, ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਚੱਕੀ ਮੋੜ ‘ਤੇ ਜ਼ਮੀਨ ਖਿਸਕਣ ਤੋਂ ਬਾਅਦ ਸ਼ਿਮਲਾ-ਚੰਡੀਗੜ੍ਹ ਹਾਈਵੇਅ ‘ਤੇ ਘੰਟਿਆਂ ਤੱਕ ਲੰਮਾ ਜਾਮ ਲੱਗਿਆ ਰਿਹਾ।