ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ਯੂਨੀਵਰਸਿਟੀ ਪੇਪਰ ਦੇਣ ਲਈ ਪੁੱਜੇ। ਉਨ੍ਹਾਂ ਦਾ ਅੱਜ ਐੱਮ. ਏ. ਪਬਲਿਕ ਐਡਮਿਨੀਸਟ੍ਰੇਸ਼ਨ ਦਾ ਪੇਪਰ ਹੈ। ਇਸ ਪੇਪਰ ਦੇ ਚੱਲਦਿਆਂ ਹੀ ਉਹ ਬੀਤੇ ਕੱਲ੍ਹ ਨਵੀਂ ਦਿੱਲੀ ‘ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਵੀ ਸ਼ਾਮਲ ਨਹੀਂ ਹੋਏ ਸਨ। ਚਰਨਜੀਤ ਸਿੰਘ ਚੰਨੀ ਦਾ ਪੇਪਰ ਸਵੇਰੇ 9.30 ਵਜੇ ਸ਼ੁਰੂ ਹੋਇਆ ਹੈ, ਜੋ ਕਿ ਦੁਪਹਿਰ 12.30 ਵਜੇ ਖ਼ਤਮ ਹੋਵੇਗਾ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪੇਪਰ ਦੇਣ ਲਈ ਪੂਰੀ ਤਿਆਰੀ ਕਰਕੇ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਫਾਈਨਲ ਪੇਪਰ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਸਰਕਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਪੰਜਾਬ ‘ਚ ਕਾਂਗਰਸ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦੀ ਮੀਟਿੰਗ ਵੀ ਉਨ੍ਹਾਂ ਨੇ ਪੇਪਰ ਕਾਰਨ ਹੀ ਰੱਦ ਕੀਤੀ ਸੀ ਕਿਉਂਕਿ ਪੇਪਰ ਤਾਂ ਸਾਲ ਜਾਂ 6 ਮਹੀਨੇ ਬਾਅਦ ਹੀ ਆਉਂਦਾ ਹੈ ਅਤੇ ਮੈਂ ਆਪਣੀ ਡਿਗਰੀ ਕਿਸੇ ਵੀ ਹਾਲਤ ‘ਚ ਖ਼ਰਾਬ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦਾ ਇਹ ਪੇਪਰ ਮਿਸ ਹੋ ਜਾਂਦਾ ਤਾਂ ਉਨ੍ਹਾਂ ਦਾ ਇਕ ਸਾਲ ਅੱਗੇ ਪੈ ਜਾਣਾ ਸੀ।




