ਵਾਰਿਸ ਭਰਾਵਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ੀ ਧਰਤੀ ’ਤੇ ਜਿਊਂਦਾ ਰੱਖਣ ਦਾ ਸੱਦਾ
(ਹਰਜੀਤ ਲਸਾੜਾ, ਬ੍ਰਿਸਬੇਨ 25 ਅਗਸਤ) ਪੰਜਾਬੀ ਸੰਗੀਤ, ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ‘ਪੰਜਾਬੀ ਵਿਰਸਾ 2026’ ਦਾ ਅਧਿਕਾਰਤ ਪੋਸਟਰ ਲਾਂਚ ਬ੍ਰਿਸਬੇਨ ਵਿਖੇ ‘ਟਿੱਕਾ ਟਾਲਕਸ, ਪਲਾਰਾ ਵਿਖੇ ਕੀਤਾ ਗਿਆ।
ਇਸ ਮੌਕੇ ਪ੍ਰਬੰਧਕ ਹਰਜੀਤ ਭੂੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਅਤੇ ਫ਼ਤਹਿ ਪ੍ਰਤਾਪ ਸਿੰਘ ਨੇ ਲੀਡਰ ਇੰਸਟੀਚਿਊਟ ਅਤੇ ਗ੍ਰਿਫਿਥ ਲੀਗਲ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਪੰਜਾਬੀ ਵਿਰਸਾ 2026’ ਸਿਰਫ਼ ਇੱਕ ਸੰਗੀਤਕ ਸਮਾਗਮ ਨਹੀਂ, ਸਗੋਂ ਪੰਜਾਬੀ ਬੋਲੀ, ਸੱਭਿਆਚਾਰ, ਲੋਕ-ਸੰਗੀਤ ਅਤੇ ਆਪਣੀ ਮਿੱਟੀ ਨਾਲ ਜੁੜੀਆਂ ਯਾਦਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਵਾਰਿਸ ਭਰਾਵਾਂ ਵੱਲੋਂ ਆਪਣੇ ਸੁਨੇਹੇ ‘ਚ ਪੰਜਾਬੀ ਭਾਈਚਾਰੇ ਨੂੰ ਸੱਦਾ ਦਿੰਦਿਆਂ ਕਿਹਾ ਗਿਆ ਕਿ ਪੰਜਾਬੀ ਸੰਗੀਤ ਅਤੇ ਵਿਰਸੇ ਨਾਲ ਪਿਆਰ ਕਰਨ ਵਾਲੇ ਪਰਿਵਾਰ ਸਮੇਤ ਇਸ ਸੱਭਿਆਚਾਰਕ ਸਫ਼ਰ ਦਾ ਹਿੱਸਾ ਬਣਨ। ਉਨ੍ਹਾਂ ਵੱਲੋਂ ਖ਼ਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਬੋਲੀ, ਲੋਕ ਸੰਗੀਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪੋਸਟਰ ਲਾਂਚ ਮੌਕੇ ਮੌਜੂਦ ਮੀਡੀਆ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਪੰਜਾਬੀ ਵਿਰਸੇ ਦੀ ਧੁਨ ਨੂੰ ਜਾਰੀ ਰੱਖਣਾ ਸਮੇਂ ਦੀ ਵੱਡੀ ਲੋੜ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਵਨਵੀਰ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ ਪੱਡਾ, ਏ.ਜੇ ਸਿੰਘ ਤੇ ਦਵਿੰਦਰ ਕੁਮਾਰ ਹਾਜ਼ਰ ਸਨ।




