ਪੰਜਾਬ ਦੇ ਵਾਹਨ ਚਾਲਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਵਿਚ ਵਾਧਾ ਕਰ ਦਿੱਤਾ ਗਿਆ ਹੈ। NHAI ਵੱਲੋਂ ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਟੈਕਸ ਵਿਚ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਬੱਸਾਂ ਤੇ ਟਰੱਕਾਂ ਲਈ ਟੋਲ ਦਰਾਂ ਵਿਚ 90 ਤੋਂ 160 ਰੁਪਏ ਤਕ ਦਾ ਵਾਧਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਧੀਆਂ ਹੋਈਆਂ ਕੀਮਤਾਂ ਤੁਰੰਤ ਪ੍ਰਭਾਅ ਨਾਲ ਲਾਗੂ ਵੀ ਕਰ ਦਿੱਤੀਆਂ ਗਈਆਂ ਹਨ।
ਦਰਅਸਲ, NHAI ਵੱਲੋਂ ਆਪਣੇ ਟੋਲਿੰਗ ਫਰੇਮਵਰਕ ਨੂੰ ਅਪਡੇਟ ਕਰਨ ਤੋਂ ਬਾਅਦ ਟੋਲ ਫ਼ੀਸਾਂ ਵਿਚ ਇਹ ਸੋਧ ਕੀਤੀ ਗਈ ਹੈ। ਇਸ ਨਾਲ ਦੇਸ਼ ਦੇ ਲਗਭਗ 50 ਤੋਂ ਵੱਧ ਟੋਲ ਪਲਾਜ਼ਿਆਂ ਵਿਚ ਟੋਲ ਦਰਾਂ ਵਿਚ ਬਦਲਾਅ ਆਇਆ ਹੈ। ਇਨ੍ਹਾਂ ਵਿਚ ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ, ਪੰਜਾਬ ਵਿਚ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਰੂਟਾਂ ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਟੋਲ ਪਲਾਜ਼ਿਆਂ ‘ਤੇ ਵਾਧੂ ਟੈਕਸ ਅਦਾ ਕਰਨਾ ਪਵੇਗਾ। ਹਾਈਵੇਅ ਅਥਾਰਟੀ ਵੱਲੋਂ ਨੈਸ਼ਨਲ ਹਾਈਵੇਅ ‘ਤੇ ਸਥਿਤ ਘੁਲਾਲ ਟੋਲ ਪਲਾਜ਼ਾ, ਕੋਟ ਕਰੋੜ ਟੋਲ ਪਲਾਜ਼ਾ, ਕਾਲਾ ਟਿੱਬਾ ਟੋਲ ਪਲਾਜ਼ਾ, ਸ਼ੇਖਪੁਰਾ ਟੋਲ ਪਲਾਜ਼ਾ, ਲਹਿਰਾ ਬੇਗਾ ਟੋਲ ਪਲਾਜ਼ਾ, ਖੂਈਆਂ ਸਰਵਰ ਟੋਲ ਪਲਾਜ਼ਾ, ਕਾਲਾਝਾਰ ਟੋਲ ਪਲਾਜ਼ਾ ਤੇ ਪੇਇੰਡ ਟੋਲ ਪਲਾਜ਼ਾ ‘ਤੇ ਟੈਕਸ ਦਰਾਂ ਵਿਚ ਵਾਧਾ ਕੀਤਾ ਗਿਆ ਹੈ।




