Monday, August 10, 2026 7:29 am
Trending Now
Home / Punjabi News / ਬ੍ਰਿਸਬੇਨ : ਲੇਖਕ ਸਭਾ ਵੱਲੋਂ ਸਾਹਿਤਕ ਮਿਲਣੀ ਤੇ ਕਵੀ ਦਰਬਾਰ ਆਯੋਜਿਤ

ਬ੍ਰਿਸਬੇਨ : ਲੇਖਕ ਸਭਾ ਵੱਲੋਂ ਸਾਹਿਤਕ ਮਿਲਣੀ ਤੇ ਕਵੀ ਦਰਬਾਰ ਆਯੋਜਿਤ

ਕਵੀਆਂ ਤੇ ਲੇਖਕਾਂ ਨੇ ਸਮਾਜਿਕ ਸਰੋਕਾਰਾਂ ਨੂੰ ਦਿੱਤੀ ਆਵਾਜ਼

(ਹਰਜੀਤ ਲਸਾੜਾ, ਬ੍ਰਿਸਬੇਨ 09 ਅਗਸਤ) ਇੱਥੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਸਾਹਿਤਕ ਮਿਲਣੀ ਅਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੰਚ ਸੰਚਾਲਨ ਨੌਜਵਾਨ ਕਵੀ ਦਿਨੇਸ਼ ਸ਼ੇਖੂਪੁਰੀਆ ਨੇ ਬੇਹੱਦ ਪ੍ਰਭਾਵਸ਼ਾਲੀ ਅਤੇ ਕਾਵਿਕ ਅੰਦਾਜ਼ ਵਿੱਚ ਕੀਤਾ। ਸੰਸਥਾ ਪ੍ਰਧਾਨ ਵਰਿੰਦਰ ਅਲੀਸ਼ੇਰ ਵੱਲੋਂ ਭਾਰਤ-ਪਾਕਿ ਵੰਡ ਦੇ ਦਰਦ ਅਤੇ ਉਸ ਦੌਰਾਨ ਵਾਪਰੀਆਂ ਮਨੁੱਖੀ ਤ੍ਰਾਸਦੀਆਂ ਨੂੰ ਭਾਵਪੂਰਕ ਕਵਿਤਾ ਰਾਹੀਂ ਪੇਸ਼ ਕੀਤਾ। ਗੀਤਕਾਰ ਰੱਤੂ ਰੰਧਾਵਾ ਦੀ ਰਚਨਾ ਨੇ ਜਾਤੀਵਾਦ ਤੇ ਸਮਾਜਿਕ ਅਸਮਾਨਤਾ ’ਤੇ ਤਿੱਖਾ ਵਿਅੰਗ ਕੀਤਾ। ਗਾਇਕ ਪ੍ਰਿੰਸ ਹਰਮਨ ਨੇ ਆਪਣੀਆਂ ਕਾਵਿ-ਰਚਨਾਵਾਂ ਨੂੰ ਤਰੰਨੁਮ ਵਿੱਚ ਪੇਸ਼ ਕਰਦਿਆਂ ਮਹਿਫ਼ਲ ਵਿੱਚ ਸੰਗੀਤਕ ਰੰਗ ਭਰਿਆ। ਗ਼ਜ਼ਲਗੋ ਜਸਵੰਤ ਵਾਗਲਾ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਪੰਜਾਬੀ ਸ਼ਾਇਰੀ ਦੀ ਰਵਾਇਤੀ ਰੂਹ ਨੂੰ ਆਧੁਨਿਕ ਸੰਵੇਦਨਾਵਾਂ ਨਾਲ ਜੋੜਿਆ। ਲੇਖਕ ਨਰਿੰਦਰ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਮਿੰਨੀ ਕਹਾਣੀ ਅਤੇ ਹੋਰ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਧਿਆਨ ਖਿੱਚਿਆ। ਭਾਰਤ ਤੋਂ ਆਏ ਗਿਆਨ ਸਿੰਘ ਦੀ ਰਚਨਾ ਚੰਗਾ ਸਮਾਜਿਕ ਸੁਨੇਹਾ ਲਾ ਗਈ। ਸਮਾਗਮ ‘ਚ ਹੰਸ ਰਾਜ ਕਟਾਰੀਆ, ਰੁਪਿੰਦਰ ਸਿੰਘ ਅਤੇ ਅਨੀਕੇਤ ਸਮੇਤ ਹੋਰ ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਾਹਿਤਕ ਮਿਲਣੀ ਦੌਰਾਨ ਬੁਲਾਰਿਆਂ ਅਤੇ ਸਾਹਿਤਕਾਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਰਵਾਸੀ ਧਰਤੀ ’ਤੇ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਸਾਹਿਤਕ ਵਿਰਾਸਤ ਨੂੰ ਕਾਇਮ ਰੱਖਣ ਲਈ ਅਜਿਹੇ ਸਾਹਿਤਕ ਸਮਾਗਮਾਂ ਦੀ ਲਗਾਤਾਰ ਲੋੜ ਹੈ। ਇਹ ਸਮਾਗਮ ਵਿਦੇਸ਼ੀ ਧਰਤੀ ’ਤੇ ਪੰਜਾਬੀ ਸਾਹਿਤ ਨਾਲ ਜੁੜੇ ਲੇਖਕਾਂ, ਕਵੀਆਂ ਅਤੇ ਪਾਠਕਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਨ ਦਾ ਮਹੱਤਵਪੂਰਨ ਉਪਰਾਲਾ ਸਾਬਤ ਹੋਇਆ। ਇਸ ਨੇ ਇੱਕ ਵਾਰ ਫਿਰ ਦਰਸਾਇਆ ਕਿ ਪੰਜਾਬੀ ਸਾਹਿਤ ਦੀ ਆਵਾਜ਼ ਭੂਗੋਲਿਕ ਹੱਦਾਂ ਤੋਂ ਪਾਰ ਜਾ ਕੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾ ਰਹੀ ਹੈ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz