ਵਾਰਿਸ ਭਰਾਵਾਂ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਝੂਮਣ ਲਾਇਆ
(ਹਰਜੀਤ ਲਸਾੜਾ, ਬ੍ਰਿਸਬੇਨ 15 ਸਤੰਬਰ) ਆਸਟ੍ਰੇਲੀਆ ਦੇ ਬ੍ਰਿਸਬੇਨ ਸਥਿਤ ਸਲੀਮਨ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ ‘ਪੰਜਾਬੀ ਵਿਰਸਾ 2026’ ਦੀ ਸੰਗੀਤਕ ਸ਼ਾਮ ਪੰਜਾਬੀ ਸੰਗੀਤ, ਲੋਕ-ਸੱਭਿਆਚਾਰ ਅਤੇ ਪਰਿਵਾਰਕ ਸਾਂਝ ਦਾ ਯਾਦਗਾਰ ਪ੍ਰਗਟਾਵਾ ਬਣੀ। ਵਿਰਾਸਤ ਇੰਟਰਟੇਨਮੈਂਟ ਵੱਲੋਂ ਲੀਡਰ ਇੰਸਟੀਚਿਊਟ ਅਤੇ ਗ੍ਰਿਫਿਥ ਲੀਗਲ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਬ੍ਰਿਸਬੇਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ।

ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਦੀਆਂ ਪੇਸ਼ਕਾਰੀਆਂ ਨੇ ਦੇਰ ਰਾਤ ਤੱਕ ਦਰਸ਼ਕਾਂ ਨੂੰ ਸੰਗੀਤ ਅਤੇ ਭੰਗੜੇ ਨਾਲ ਜੋੜੀ ਰੱਖਿਆ। ਵਾਰਿਸ ਭਰਾਵਾਂ ਨੇ ਪੰਜਾਬੀ ਪਰਿਵਾਰ, ਰਿਸ਼ਤਿਆਂ, ਮਿੱਟੀ ਨਾਲ ਮੋਹ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੁੜੀਆਂ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਭਾਵਨਾਤਮਕ ਸਾਂਝ ਬਣਾਈ। ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਗੀਤ ਅਤੇ ਸੰਘਰਸ਼ ਤੇ ਉਮੀਦ ਦਾ ਸੰਦੇਸ਼ ਦੇਣ ਵਾਲੀਆਂ ਰਚਨਾਵਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ।

ਸੰਗਤਾਰ ਨੇ ਤਕਨਾਲੋਜੀ ਅਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਪੰਜਾਬੀ ਅੰਦਾਜ਼ ਵਿੱਚ ਪੇਸ਼ ਕਰਦੀਆਂ ਰਚਨਾਵਾਂ ਨਾਲ ਮਾਹੌਲ ਵਿੱਚ ਨਵਾਂ ਰੰਗ ਭਰਿਆ। ਕਮਲ ਹੀਰ ਦੇ ਲੋਕ-ਰੰਗ ਨਾਲ ਭਰਪੂਰ ਗੀਤਾਂ ਨੇ ਦਰਸ਼ਕਾਂ ਨੂੰ ਭੰਗੜੇ ਲਈ ਮਜਬੂਰ ਕਰ ਦਿੱਤਾ।
ਸੁਰਤਾਲ ਭੰਗੜਾ ਅਕੈਡਮੀ ਦੇ ਬੱਚਿਆਂ ਦੀ ਪੇਸ਼ਕਾਰੀ ਵੀ ਖ਼ਾਸ ਖਿੱਚ ਦਾ ਕੇਂਦਰ ਰਹੀ। ਵਿਦੇਸ਼ ਵਿੱਚ ਪਲੀ-ਵਧੀ ਨਵੀਂ ਪੀੜ੍ਹੀ ਵੱਲੋਂ ਪੰਜਾਬੀ ਲੋਕ-ਨਾਚ ਨਾਲ ਜੁੜੀ ਇਹ ਸਾਂਝ ਦਰਸ਼ਕਾਂ ਲਈ ਮਾਣ ਦਾ ਪਲ ਬਣੀ।
ਸ਼ਾਮ ਦੇ ਆਖ਼ਰੀ ਪੜਾਅ ਵਿੱਚ ਮਨਮੋਹਨ ਵਾਰਿਸ ਦੇ ਲੋਕਪ੍ਰਿਯ ਗੀਤਾਂ ਨੇ ਮਾਹੌਲ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਖ਼ਾਸ ਕਰਕੇ ਪੰਜਾਬ ਦੇ ਘਰ, ਪਿੰਡ ਅਤੇ ਮਿੱਟੀ ਦੀ ਯਾਦ ਨਾਲ ਜੁੜੀਆਂ ਰਚਨਾਵਾਂ ਨੇ ਪਰਦੇਸ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘਾਈ ਨਾਲ ਛੂਹਿਆ। ਉਨ੍ਹਾਂ ਦੇ ਕਈ ਚਰਚਿਤ ਗੀਤਾਂ ’ਤੇ ਦਰਸ਼ਕਾਂ ਨੇ ਖ਼ੂਬ ਭੰਗੜਾ ਪਾਇਆ ਅਤੇ ਕਲਾਕਾਰਾਂ ਨਾਲ ਗੀਤ ਗਾ ਕੇ ਸਾਂਝ ਪ੍ਰਗਟਾਈ।
ਸਮਾਗਮ ਦੀ ਪ੍ਰਬੰਧਕੀ ਜ਼ਿੰਮੇਵਾਰੀ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਅਤੇ ਫ਼ਤਿਹ ਪ੍ਰਤਾਪ ਸਿੰਘ ਵੱਲੋਂ ਨਿਭਾਈ ਗਈ। ਹਰ ਉਮਰ ਵਰਗ ਦੀ ਸ਼ਮੂਲੀਅਤ ਨੇ ਦਰਸਾਇਆ ਕਿ ਆਸਟ੍ਰੇਲੀਆ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਆਪਣੀ ਭਾਸ਼ਾ, ਸੰਗੀਤ, ਲੋਕ-ਨਾਚ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਅੱਜ ਵੀ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ। ‘ਪੰਜਾਬੀ ਵਿਰਸਾ 2026’ ਨੇ ਮਨੋਰੰਜਨ ਦੇ ਨਾਲ-ਨਾਲ ਪੰਜਾਬ ਦੀਆਂ ਯਾਦਾਂ, ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਪਰਦੇਸ ਦੀ ਧਰਤੀ ’ਤੇ ਜੀਵੰਤ ਕਰਨ ਦਾ ਪ੍ਰਭਾਵਸ਼ਾਲੀ ਯਤਨ ਕੀਤਾ।




