ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 20 ਜੂਨ (ਸ਼ਨੀਵਾਰ) ਨੂੰ ਜਲੰਧਰ ਦੌਰੇ ’ਤੇ ਆ ਰਹੇ ਹਨ। ਉਨ੍ਹਾਂ ਦੇ ਆਗਮਨ ਅਤੇ ਸ਼ਾਨਦਾਰ ਸਵਾਗਤ ਲਈ ਭਾਜਪਾ ਆਗੂ ਤਿਆਰੀਆਂ ਵਿਚ ਜੁਟੇ ਹੋਏ ਹਨ। ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਰਾਜੇਸ਼ ਕਪੂਰ, ਅਸ਼ੋਕ ਸਰੀਨ ਹਿੱਕੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ 20 ਜੂਨ ਨੂੰ ਸ਼ਾਮ 7 ਵਜੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਸਵਾਗਤ ਲਈ ਪ੍ਰਭੂ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਤੋਂ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤਕ ਇਕ ਵਿਸ਼ਾਲ ਅਤੇ ਇਤਿਹਾਸਕ ਰੋਡ ਸ਼ੋਅ ਕੱਢਿਆ ਜਾਵੇਗਾ, ਜਿਸ ਵਿਚ ਭਾਜਪਾ ਦੀ ਸੂਬਾਈ ਲੀਡਰਸ਼ਿਪ, ਸੀਨੀਅਰ ਆਗੂ, ਜ਼ਿਲ੍ਹਾ ਅਹੁਦੇਦਾਰ, ਮੰਡਲ ਅਹੁਦੇਦਾਰ, ਸ਼ਕਤੀ ਕੇਂਦਰ ਅਤੇ ਬੂਥ ਪੱਧਰ ਦੇ ਅਹੁਦੇਦਾਰਾਂ ਦੇ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਹਿੱਸਾ ਲੈਣਗੇ।
ਸੁਸ਼ੀਲ ਸ਼ਰਮਾ ਨੇ ਕਿਹਾ ਕਿ ਰੋਡ ਸ਼ੋਅ ਦੌਰਾਨ ਸੁਰੱਖਿਆ ਵਿਵਸਥਾ ਅਤੇ ਹੋਰ ਤਿਆਰੀਆਂ ਲਈ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਭਾਜਪਾ ਇਕਾਈ ਦੇ ਆਗੂਆਂ ਦੇ ਇਲਾਵਾ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਦੌਰਾ ਸੂਬੇ ਦੀ ਸਿਆਸਤ ਵਿਚ ਬਦਲਾਅ ਦਾ ਨਵਾਂ ਅਧਿਆਏ ਲਿਖੇਗਾ।
ਭਾਜਪਾ ਆਗੂਆਂ ਨੇ ਡੀ. ਸੀ. ਪੀ. ਜਯੰਤ ਪੁਰੀ, ਏ. ਡੀ. ਸੀ. ਪੀ. ਹੈੱਡਕੁਆਰਟਰ ਸੁਖਵਿੰਦਰ ਸਿੰਘ, ਏ. ਸੀ. ਪੀ. ਨਾਰਥ ਅਸ਼ੋਕ ਮੀਣਾ, ਥਾਣਾ ਨੰਬਰ 3 ਦੇ ਐੱਸ. ਐੱਚ. ਓ. ਜਤਿੰਦਰ ਸਿੰਘ, ਥਾਣਾ ਨੰਬਰ 4 ਦੇ ਏ. ਐੱਸ. ਆਈ. ਹੀਰਾ ਲਾਲ ਦੇ ਨਾਲ ਰੋਡ ਸ਼ੋਅ ਦੇ ਰੂਟ, ਸੁਰੱਖਿਆ ਵਿਵਸਥਾ, ਟ੍ਰੈਫਿਕ ਪ੍ਰਬੰਧਨ ਅਤੇ ਹੋਰ ਜ਼ਰੂਰੀ ਪ੍ਰਬੰਧਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਭਾਜਪਾ ਆਗੂਆਂ ਨੇ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਰੂਪ-ਰੇਖਾ ਤਿਆਰ ਕੀਤੀ।


