ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਐਡਮਿੰਟਨ ਸ਼ਹਿਰ ਵਿੱਚ 16 ਸਾਲਾ ਪੰਜਾਬੀ ਕੁੜੀ ਜੈਜ਼ਮੀਨ ਢੇਸੀ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਐਤਵਾਰ ਸਵੇਰੇ ਲਗਭਗ 6:50 ਵਜੇ 139 ਐਵੇਨਿਊ ਅਤੇ 32 ਸਟਰੀਟ ਦੇ ਨੇੜੇ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਐਡਮਿੰਟਨ ਪੁਲਿਸ ਨੂੰ ਜੈਜ਼ਮੀਨ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ, ਜਿਸ ਨੂੰ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ‘ਤੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਪੀੜਤਾ ਦੇ ਚਚੇਰੇ ਅਤੇ ਮਾਮੇ ਭੈਣ-ਭਰਾਵਾਂ ਨੇ ਉਸ ਦੀ ਪਛਾਣ 16 ਸਾਲਾ ਜੈਜ਼ਮੀਨ ਵਜੋਂ ਕੀਤੀ ਹੈ। ਜੈਜ਼ਮੀਨ ਸੋਹਣੀ-ਸੁਨੱਖੀ ਕੁੜੀ ਸੀ, ਜਿਸਦੇ ਅੱਗੇ ਬਹੁਤ ਸਾਰੇ ਸੁਪਨੇ ਸਨ।
ਰਿਸ਼ਤੇਦਾਰਾਂ ਨੇ ਅਚਾਨਕ ਹੋਈ ਇਸ ਮੌਤ ਦੇ ਸਮੇਂ ਜੈਜ਼ਮੀਨ ਦੀ ਮਾਂ ਅਤੇ ਦੋ ਛੋਟੇ ਭੈਣ-ਭਰਾਵਾਂ ਦੀ ਵਿੱਤੀ ਮਦਦ ਅਤੇ ਅਚਾਨਕ ਆਏ ਖਰਚਿਆਂ ਨਾਲ ਨਜਿੱਠਣ ਲਈ ਇੱਕ ਔਨਲਾਈਨ ਫੰਡਰੇਜ਼ਰ ਵੀ ਸ਼ੁਰੂ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਡਮਿੰਟਨ ਪੁਲਿਸ ਦੇ ਹੋਮੀਸਾਈਡ ਸੈਕਸ਼ਨ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ, ਜਿਸਨੂੰ ਪੁਲਿਸ ਇਸ ਸਮੇਂ ਸ਼ੱਕੀ ਮੰਨ ਰਹੀ ਹੈ। ਫਿਲਹਾਲ ਕਿਸੇ ਵੀ ਗ੍ਰਿਫ਼ਤਾਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ। ਮੁੱਖ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਵੱਲੋਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਕੀਤੀ ਜਾਵੇਗੀ।





