Wednesday, August 26, 2026 8:54 am
Trending Now
Home / Punjabi News / ਪੰਜਾਬ ਦੇ ਪਿੰਡ ‘ਚ ਚਾਂਦੀ ਦੇ ਸਿੱਕਿਆਂ ਨਾਲ ਭਰਿਆ ‘ਕੁੱਜਾ’ ਲੱਭਿਆ, ਲੋਕਾਂ ਦੀ ਭੀੜ ਹੋ ਗਈ ਇਕੱਠੀ

ਪੰਜਾਬ ਦੇ ਪਿੰਡ ‘ਚ ਚਾਂਦੀ ਦੇ ਸਿੱਕਿਆਂ ਨਾਲ ਭਰਿਆ ‘ਕੁੱਜਾ’ ਲੱਭਿਆ, ਲੋਕਾਂ ਦੀ ਭੀੜ ਹੋ ਗਈ ਇਕੱਠੀ

ਖਰੜ ਨੇੜੇ ਇਤਿਹਾਸਕ ਪਿੰਡ ਘੜੂੰਆਂ ’ਚ ਉਸ ਸਮੇਂ ਚਰਚਾ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੇ ਪੰਚਾਇਤ ਘਰ ਦੀ ਥਾਂ ਨਵੀਂ ਲਾਇਬ੍ਰੇਰੀ ਦੀ ਉਸਾਰੀ ਲਈ ਚੱਲ ਰਹੀ ਖ਼ੁਦਾਈ ਦੌਰਾਨ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਬਰਾਮਦ ਹੋਇਆ। ਸਿੱਕੇ ਮਿਲਣ ਦੀ ਖ਼ਬਰ ਪਿੰਡ ’ਚ ਫੈਲਦਿਆਂ ਹੀ ਲੋਕਾਂ ਦੀ ਭੀੜ ਮੌਕੇ ’ਤੇ ਇਕੱਠੀ ਹੋ ਗਈ ਅਤੇ ਸਿੱਕਿਆਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਸੂਤਰਾਂ ਅਨੁਸਾਰ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਵੱਲੋਂ ਇਹ ਸਿੱਕੇ ਇਕੱਠੇ ਕਰ ਲਏ ਗਏ। ਇਸ ਤੋਂ ਇਲਾਵਾ ਉੱਥੇ ਕੰਮ ਕਰ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਵੱਲੋਂ ਵੀ ਵੱਡੀ ਗਿਣਤੀ ‘ਚ ਕਥਿਤ ਤੌਰ ’ਤੇ ਸਿੱਕੇ ਇਕੱਠੇ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਖ਼ੁਦਾਈ ਵਾਲੀ ਥਾਂ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।  ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਮੁਹੰਮਦ ਤੇ ਸਮਾਜ ਸੇਵੀ ਮਨਦੀਪ ਸਿੰਘ ਘੜੂੰਆਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਪੁਰਾਣੇ ਪੰਚਾਇਤ ਘਰ ਦੀ ਥਾਂ ’ਤੇ ਨਵੀਂ ਲਾਇਬ੍ਰੇਰੀ ਬਣਾਈ ਜਾ ਰਹੀ ਹੈ।

ਮੰਗਲਵਾਰ ਨੂੰ ਨੀਂਹ ਦੀਆਂ ਪੱਟੀਆਂ ਪੁੱਟਣ ਲਈ ਖੁਦਾਈ ਕੀਤੀ ਜਾ ਰਹੀ ਸੀ ਤਾਂ ਮਿੱਟੀ ’ਚ ਕੁੱਜਾ ਦਿਖਾਈ ਦਿੱਤਾ। ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਤਾਂ ਇਸ ’ਚ ਚਾਂਦੀ ਦੇ ਸਿੱਕੇ ਮਿਲੇ, ਜਿਨ੍ਹਾਂ ’ਤੇ ਉਰਦੂ ’ਚ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ। ਸਿੱਕਿਆਂ ਦੀ ਸਹੀ ਗਿਣਤੀ ਤੇ ਉਨ੍ਹਾਂ ਦੀ ਪੁਰਾਤਨਤਾ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪਿੰਡ ਵਾਸੀਆਂ ’ਚ ਇਨ੍ਹਾਂ ਸਿੱਕਿਆਂ ਦੇ ਪੁਰਾਤਨ ਇਤਿਹਾਸ ਨਾਲ ਸਬੰਧਿਤ ਹੋਣ ਨੂੰ ਲੈ ਕੇ ਚਰਚਾ ਛਿੜ ਗਈ ਹੈ। ਦੱਸਣਯੋਗ ਹੈ ਕਿ ਘੜੂੰਆਂ ਨੂੰ ਇਤਿਹਾਸਕ ਪਿੰਡ ਮੰਨਿਆ ਜਾਂਦਾ ਹੈ ਅਤੇ ਇਸ ਦਾ ਸਬੰਧ ਪਾਂਡਵਾਂ ਦੇ ਸਮੇਂ ਨਾਲ ਜੋੜਨ ਦੀ ਮਾਨਤਾ ਵੀ ਪ੍ਰਚਲਿਤ ਹੈ। ਪਿੰਡ ’ਚ ਸਥਿਤ ਪਾਂਡ ਸਰੋਵਰ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਇਸ ਦੀ ਖ਼ੁਦਾਈ ਭੀਮ ਵੱਲੋਂ ਕੀਤੀ ਗਈ ਸੀ। ਹੁਣ ਖ਼ੁਦਾਈ ਦੌਰਾਨ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਮਿਲਣ ਤੋਂ ਬਾਅਦ ਪਿੰਡ ’ਚ ਉਤਸੁਕਤਾ ਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਮਾਮਲੇ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਘੜੂੰਆਂ ਰਵੀ ਕੁਮਾਰ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ ’ਤੇ ਧਰਮਸ਼ਾਲਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਰਕਾਰੀ ਸਮਾਨ ਲੈ ਕੇ ਗਏ ਹਨ, ਉਨ੍ਹਾਂ ਦੀਆਂ ਫੋਟੋਆਂ ਉਨ੍ਹਾਂ ਕੋਲ ਪਹੁੰਚ ਗਈਆਂ ਹਨ ਅਤੇ ਪੁਲਸ ਦੀ ਮਦਦ ਨਾਲ ਉਨ੍ਹਾਂ ਤੋਂ ਹੋਰ ਸਮਾਨ ਬਰਾਮਦ ਕਰਵਾਇਆ ਜਾਵੇਗਾ। ਮਾਮਲੇ ਵਿੱਚ ਧਰਤੀ ਹੇਠੋਂ ਮਿਲਣ ਵਾਲੇ ਸਿੱਕਿਆਂ ਅਤੇ ਹੋਰ ਸਮਾਨ ਦੀ ਅਸਲ ਸਥਿਤੀ ਸਬੰਧੀ ਅਧਿਕਾਰਤ ਪੁਸ਼ਟੀ ਜਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਖ਼ੁਦਾਈ ਦੌਰਾਨ ਅਸਲ ਵਿੱਚ ਕੀ ਕੁੱਝ ਮਿਲਿਆ ਸੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz