ਪ੍ਰਵਾਸੀ ਪੰਜਾਬੀਆਂ ਨੇ ਕੀਤਾ ਨਿੱਘਾ ਸਵਾਗਤ
(ਹਰਜੀਤ ਲਸਾੜਾ, ਬ੍ਰਿਸਬੇਨ 8 ਸਤੰਬਰ) ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦੇ ਬ੍ਰਿਸਬੇਨ ਪਹੁੰਚਣ ’ਤੇ ਪਾਰਟੀ ਆਗੂਆਂ, ਵਰਕਰਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਲੋਕ ਮਿਲਣੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ੈਰੀ ਕਲਸੀ ਦਾ ਨਿੱਘਾ ਸਵਾਗਤ ਕਰਦਿਆਂ ਪੰਜਾਬ ਅਤੇ ਪ੍ਰਵਾਸੀ ਭਾਈਚਾਰੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਗਮ ਦੇ ਮੁੱਖ ਪ੍ਰਬੰਧਕ ਕਮਰ ਬੱਲ, ਜਗਤਾਰ ਸਿੰਘ, ਦੀਪਾਂਸ਼ੂ ਪ੍ਰੀਤ ਬੱਲ ਅਤੇ ਮਨਵੀਰ ਮਾਂਗਟ ਸਨ। ਇਸ ਮੌਕੇ ਡਾ. ਬਰਨਾਰਡ ਮਲਿਕ, ਜਗਦੀਪ ਭਿੰਡਰ, ਪ੍ਰਣਾਮ ਸਿੰਘ ਹੇਅਰ, ਰੌਕੀ ਭੁੱਲਰ, ਅਵਨਿੰਦਰ ਸਿੰਘ ਲਾਲੀ ਗਿੱਲ ਅਤੇ ਕਮਰ ਬੱਲ ਨੇ ਸ਼ੈਰੀ ਕਲਸੀ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਦਾ ਮੌਕਾ ਮਿਲਣਾ ਇੱਕ ਸਕਾਰਾਤਮਕ ਤਬਦੀਲੀ ਹੈ।

ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਪਿਆਰ ਅਤੇ ਉਤਸ਼ਾਹ ਪੰਜਾਬ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਹੈ। ਪ੍ਰਵਾਸੀ ਪੰਜਾਬੀ ਆਪਣੀ ਮਿਹਨਤ ਅਤੇ ਪ੍ਰਾਪਤੀਆਂ ਨਾਲ ਦੁਨੀਆ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ, ਸਿੱਖਿਆ, ਸਿਹਤ, ਰੋਜ਼ਗਾਰ, ਸਿੰਚਾਈ ਅਤੇ ਖੇਡਾਂ ਦੇ ਖੇਤਰਾਂ ਵਿੱਚ ਮਹੱਤਵਪੂਰਨ ਕੰਮ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ 15 ਹਜ਼ਾਰ ਕਿਲੋਮੀਟਰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਗਿਆ ਹੈ, ਜਦਕਿ ਘਰੇਲੂ ਬਿਜਲੀ ਖਪਤਕਾਰਾਂ ਨੂੰ ਜ਼ੀਰੋ ਬਿੱਲ ਦੀ ਸਹੂਲਤ ਮਿਲ ਰਹੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਨੂੰ ਵੀ ਉਨ੍ਹਾਂ ਵੱਡੀ ਪ੍ਰਾਪਤੀ ਦੱਸਿਆ।
ਵਿਰੋਧੀਆਂ ’ਤੇ ਟਿੱਪਣੀ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਉਹਨਾਂ ਕੋਲ ਸਰਕਾਰ ਦੀ ਆਲੋਚਨਾ ਤੋਂ ਇਲਾਵਾ ਕੋਈ ਠੋਸ ਮੁੱਦਾ ਨਹੀਂ ਹੈ। ਭਗਵੰਤ ਮਾਨ ਸਰਕਾਰ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਯਤਨਸ਼ੀਲ ਹੈ ਅਤੇ ਮੁੜ ਮੌਕਾ ਮਿਲਣ ’ਤੇ ਸੂਬੇ ਨੂੰ ਹੋਰ ਤਰੱਕੀ ਦੀ ਰਾਹ ’ਤੇ ਲਿਜਾਇਆ ਜਾਵੇਗਾ। ਮੰਚ ਸੰਚਾਲਨ ਗੁਰਦੀਪ ਜਗੇੜਾ ਨੇ ਕੀਤਾ।





