ਕੈਨੇਡਾ ਵਿੱਚ ਪਰਮਾਨੈਂਟ ਰੈਜੀਡੈਂਸੀ (ਪੀ. ਆਰ.) ਦੀ ਉਡੀਕ ਕਰ ਰਹੇ ਲੱਖਾਂ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ ਅਤੇ ਬਜਟ 2026 ਦੇ ਤਹਿਤ ਸਾਲ 2027 ਦੇ ਅੰਤ ਤੱਕ 6,22,000 ਤੱਕ ਨਵੇਂ ਪੱਕੇ ਨਿਵਾਸੀ ਬਣਾਉਣ ਦਾ ਵੱਡਾ ਐਲਾਨ ਕੀਤਾ ਹੈ। 5 ਨਵੰਬਰ 2026 ਨੂੰ ਪ੍ਰਕਾਸ਼ਿਤ ਕੀਤੇ ਗਏ ‘ਬਜਟ 2026’ ਅਤੇ ‘2027–2029 ਇਮੀਗ੍ਰੇਸ਼ਨ ਲੈਵਲ ਪਲਾਨ’ ਵਿੱਚ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ 2,00,000 ਤੱਕ ਅਸਥਾਈ ਨਿਵਾਸੀਆਂ ਨੂੰ 2027 ਦੇ ਅੰਤ ਤੱਕ ਪੱਕੇ ਨਿਵਾਸੀ (PR) ਬਣਾਉਣ ਦੀਆਂ ਵਿਸ਼ੇਸ਼ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ।
ਸਰਕਾਰ ਦੀ ਯੋਜਨਾ ਅਨੁਸਾਰ 2027 ਤੱਕ ਅਸਥਾਈ ਨਿਵਾਸੀਆਂ ਨੂੰ ਪੱਕਾ ਕਰਨ ਲਈ ਰੱਖੇ ਗਏ 2,00,000 ਕੋਟੇ ਵਿੱਚੋਂ 1,00,000 ਸੀਟਾਂ ਐਕਸਪ੍ਰੈੱਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (PNP) ਰਾਹੀਂ ਕੁਸ਼ਲ ਕਾਮਿਆਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, 2027 ਵਿੱਚ ਨਵੇਂ ਆਉਣ ਵਾਲੇ ਪੱਕੇ ਨਿਵਾਸੀਆਂ ਲਈ ਪ੍ਰਮੁੱਖ ਟੀਚਾ 4,22,000 ਰੱਖਿਆ ਗਿਆ ਹੈ।
ਸਰਕਾਰ ਦੁਆਰਾ ਸਾਲ 2028 ਅਤੇ 2029 ਲਈ ਵੀ ਇਮੀਗ੍ਰੇਸ਼ਨ ਦੇ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਰੇਕ ਸਾਲ ਲਈ 3,80,000 ਪੱਕੇ ਨਿਵਾਸੀਆਂ ਦਾ ਮੱਧ-ਬਿੰਦੂ ਟੀਚਾ ਰੱਖਿਆ ਗਿਆ ਹੈ:
ਆਰਥਿਕ ਇਮੀਗ੍ਰੇਸ਼ਨ : 2,44,700, ਪਰਿਵਾਰਕ ਮਿਲਣੀ : 81,000, ਸ਼ਰਨਾਰਥੀ ਤੇ ਸੁਰੱਖਿਅਤ ਵਿਅਕਤੀ : 49,300, ਮਾਨਵਤਾਵਾਦੀ ਤੇ ਹੋਰ ਆਧਾਰ : 5,000, ਇਸ ਦੇ ਨਾਲ ਹੀ ਕਿਊਬੈਕ ਤੋਂ ਬਾਹਰ ਫ੍ਰੈਂਚ ਭਾਸ਼ਾ ਬੋਲਣ ਵਾਲੇ ਪ੍ਰਵਾਸੀਆਂ ਲਈ ਵੀ ਟੀਚੇ ਵਧਾਏ ਗਏ ਹਨ, ਜੋ 2027 ਵਿੱਚ 9.5%, 2028 ਵਿੱਚ 10.5% ਅਤੇ 2029 ਵਿੱਚ 12% ਤੱਕ ਰੱਖੇ ਗਏ ਹਨ। ਇਸ ਯੋਜਨਾ ਵਿੱਚ ਸਾਲ 2027 ਲਈ ਅਸਥਾਈ ਨਿਵਾਸ ਦੇ ਦਾਖਲਿਆਂ ਦੀ ਗਿਣਤੀ 370,000 ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚੋਂ 220,000 ਥਾਵਾਂ ਅਸਥਾਈ ਵਿਦੇਸ਼ੀ ਕਾਮਿਆਂ ਲਈ ਅਤੇ 150,000 ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹਨ। ਵਿਦੇਸ਼ੀ ਕਾਮਿਆਂ ਲਈ ਰੱਖੀਆਂ ਗਈਆਂ ਥਾਵਾਂ ਵਿੱਚੋਂ, 50,000 ਥਾਵਾਂ ‘ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ’ (TFWP) ਤਹਿਤ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟਾਂ ਲਈ ਹਨ। ਇਹਨਾਂ ਲਈ ‘ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ’ (LMIA) ਦੀ ਲੋੜ ਹੁੰਦੀ ਹੈ, ਜਿਸ ਰਾਹੀਂ ਇਹ ਸਾਬਤ ਕਰਨਾ ਪੈਂਦਾ ਹੈ ਕਿ ਕੋਈ ਵੀ ਯੋਗ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਕੰਮ ‘ਤੇ ਰੱਖਣ ਲਈ ਉਪਲਬਧ ਨਹੀਂ ਸੀ। ਬਾਕੀ 170,000 ਵਰਕ ਪਰਮਿਟ ‘ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ’ (IMP) ਰਾਹੀਂ ਜਾਰੀ ਕੀਤੇ ਜਾਣਗੇ, ਅਤੇ ਇਹਨਾਂ ਲਈ LMIA ਦੀ ਲੋੜ ਤੋਂ ਛੋਟ ਦਿੱਤੀ ਗਈ ਹੈ।। 2028 ਅਤੇ 2029 ਲਈ ਵੀ ਅਸਥਾਈ ਵੀਜ਼ਿਆਂ ਦੇ ਇਹੀ ਟੀਚੇ ਬਰਕਰਾਰ ਰਹਿਣਗੇ।




